ਮੁੰਬਈ, 17 ਅਪਰੈਲ
ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਅੱਜ ਕਰੋਨਾ ਪਾਜ਼ੇਟਿਵ ਆਏ ਹਨ। ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਤੇ ਸੁਮਿਤ ਵਿਆਸ ਤੋਂ ਇਲਾਵਾ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਕਰੋਨਾਵਾਇਰਸ ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ। ਤਿੰਨੋਂ ਸ਼ਖ਼ਸੀਅਤਾਂ ਨੇ ਕੋਵਿਡ ਪਾਜ਼ੇਟਿਵ ਹੋਣ ਸਬੰਧੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਤਿੰਨੋਂ ਜਾਣੇ ਆਪੋ-ਆਪਣੇ ਘਰ ਵਿਚ ਇਕਾਂਤਵਾਸ ਹਨ। ਪਿਛਲੇ ਸਾਲ ਕਰੋਨਾ ਕਾਰਨ ਦੇਸ਼ ਭਰ ਵਿਚ ਲੱਗੇ ਲੌਕਡਾਊਨ ਦੌਰਾਨ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਵਿਚ ਮਦਦ ਕਰਨ ਕਰ ਕੇ ਸੁਰਖੀਆਂ ਵਿਚ ਆਏ ਸੋਨੂੰ ਸੂਦ ਨੇ ਕਿਹਾ ਕਿ ਉਹ ਜ਼ਰੂਰਤਮੰਦਾਂ ਦੀ ਮਦਦ ਦਾ ਕੰਮ ਜਾਰੀ ਰੱਖੇਗਾ। ਉਸ ਨੇ ਟਵਿੱਟਰ ’ਤੇ ਕਿਹਾ, ‘‘ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਅੱਜ ਸਵੇਰੇ ਮੇਰੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸਾਵਧਾਨੀ ਵਜੋਂ ਮੈਂ ਪਹਿਲਾਂ ਹੀ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ।’’ ਅਦਾਕਾਰ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੇ ਮਸਲੇ ਹੱਲ ਕਰਨ ਲਈ ਲਗਾਤਾਰ ਜੁੜਿਆ ਰਹੇਗਾ। ਜ਼ਿਕਰਯੋਗ ਹੈ ਕਿ 7 ਅਪਰੈਲ ਨੂੰ ਉਸ ਨੇ ਕਰੋਨਾ ਤੋਂ ਬਚਾਅ ਲਈ ਵੈਕਸੀਨ ਦਾ ਪਹਿਲਾ ਡੋਜ਼ ਲਗਵਾਇਆ ਸੀ। ਇਸੇ ਤਰ੍ਹਾਂ ਮਨੀਸ਼ ਮਲਹੋਤਰਾ ਤੇ ਸੁਮਿਤ ਵਿਆਸ ਨੇ ਵੀ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਟੈਸਟ ਰਿਪੋਰਟ ਪਾਜ਼ੇਟਿਵ ਆਉਣ ਬਾਰੇ ਜਾਣਕਾਰੀ ਸਾਂਝੀ ਕੀਤੀ। -ਪੀਟੀਆਈ