ਪੱਤਰ ਪ੍ਰੇਰਕ
ਚੰਡੀਗੜ੍ਹ, 12 ਜੁਲਾਈ
ਪੀਜੀਆਈ ਦੇ ਹੈਪੇਟੋਲੋਜੀ ਵਿਭਾਗ ਵਿੱਚ ਅਤਿ-ਆਧੁਨਿਕ ‘ਐਡਵਾਂਸਡ ਹੈਪੇਟੋਪੈਨਕ੍ਰੇਟੋਬਿਲਰੀ ਐਂਡ ਟਰਾਂਸਪਲਾਂਟ ਸੈਂਟਰ ਦਾ ਉਦਘਾਟਨ ਸਾਬਕਾ ਡਾਇਰੈਕਟਰ ਪ੍ਰੋ. ਜਗਤ ਰਾਮ ਅਤੇ ਮੌਜੂਦਾ ਡਾਇਰੈਕਟਰ ਪ੍ਰੋ. ਵਿਵੇਕ ਲਾਲ ਵੱਲੋਂ ਕੀਤਾ ਗਿਆ। ਇਸ ਮੌਕੇ ਡਾ. ਆਰ.ਕੇ. ਸ਼ਰਮਾ ਡੀਨ (ਅਕਾਦਮਿਕ), ਡਾ. ਆਰ.ਕੇ. ਸਹਿਗਲ, ਸਬ-ਡੀਨ (ਅਕਾਦਮਿਕ ਅਤੇ ਖੋਜ), ਡਾ. ਵਿਪਨ ਕੌਸ਼ਲ ਮੈਡੀਕਲ ਸੁਪਰਡੈਂਟ, ਕੁਮਾਰ ਗੌਰਵ ਧਵਨ ਹਾਜ਼ਰ ਸਨ। ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਹੈਪੇਟੋਲਾਜੀ ਵਿਭਾਗ ਸੰਨ 1978 ਤੋਂ ਜਿਗਰ ਦੀ ਬਿਮਾਰੀ ਵਾਲੇ ਮਰੀਜ਼ਾਂ ਦੀ ਦੇਖਭਾਲ ਕਰਦਾ ਆ ਰਿਹਾ ਹੈ ਅਤੇ ਸਮੇਂ ਦੇ ਨਾਲ ਦੇਸ਼ ਦੇ ਸਭ ਤੋਂ ਵੱਡੇ ਹੈਪਾਟੋਲੋਜੀ ਵਿਭਾਗਾਂ ਵਿੱਚੋਂ ਇੱਕ ਬਣ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਪਹਿਲਾਂ 5 ਬਿਸਤਰਿਆਂ ਵਾਲੇ ਲਿਵਰ ਇੰਟੈਂਸਿਵ ਕੇਅਰ ਯੂਨਿਟ ਨੂੰ 10 ਬਿਸਤਰਿਆਂ ਵਾਲੇ ਆਈ.ਸੀ.ਯੂ. ਵਿੱਚ ਅਪਗ੍ਰੇਡ ਕੀਤਾ ਗਿਆ ਹੈ ਅਤੇ ਹੋਰ ਸਹੂਲਤਾਂ ਪੱਖੋਂ ਨਵੀਨੀਕਰਨ ਕੀਤਾ ਗਿਆ ਹੈ। ਐਮਰਜੈਂਸੀ ਐਂਡੋਸਕੋਪੀ ਯੂਨਿਟ ਦਾ ਨਵੀਨੀਕਰਨ ਕੀਤਾ ਗਿਆ ਹੈੈ ਜਦਕਿ ਹੋਰ ਕਈ ਸਹੂਲਤਾਂ ਦੀ ਅਪਗ੍ਰੇਡੇਸ਼ਨ ਕੀਤੀ ਗਈ ਹੈ ਜਿਨ੍ਹਾਂ ਵਿੱਚ ਅਲਟਰਾਸਾਊਂਡ, ਆਈਸੀਯੂ ਅਤੇ ਐਂਡੋਸਕੋਪੀ ਖੇਤਰਾਂ ਵਿੱਚੋਂ ਡਾਟਾ ਇਕੱਠਾ ਕਰਨ ਲਈ ਇਨ-ਹਾਊਸ ਡਾਟਾ ਸੈਂਟਰ ਤੇ ਸੈਮੀਨਾਰ ਰੂਮ ਦੀ ਕੁਨੈਕਟੀਵਿਟੀ ਵਧਾਉਣਾ ਆਦਿ ਸ਼ਾਮਲ ਹਨ।