ਨਵੀਂ ਦਿੱਲੀ, 23 ਨਵੰਬਰ
ਕੌਮੀ ਪੁਰਸਕਾਰ ਜੇਤੂ ਫਿਲਮ ਨਿਰਦੇਸ਼ਕ ਹੰਸਲ ਮਹਿਤਾ ਨੇ ਅਦਾਕਾਰ ਰਾਜਕੁਮਾਰ ਰਾਓ ਦੀ ਸਫਲਤਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਉਹ ਅਦਾਕਾਰ ਦੀ ਸਫਲਤਾ ਤੋਂ ਖੁਸ਼ ਮਾਪਿਆਂ ਵਾਂਗ ਮਹਿਸੂਸ ਕਰਦਾ ਹੈ। ਰਾਜਕੁਮਾਰ ਨੇ ਸਾਲ 2010 ਵਿੱਚ ‘ਲਵ ਸੈਕਸ ਔਰ ਧੋਖਾ’ ਵਿੱਚ ਅਦਾਕਾਰੀ ਦੀ ਸ਼ੁਰੂਆਤ ਕਰਕੇ ਬੌਲੀਵੁੱਡ ਵਿੱਚ ਕਦਮ ਰੱਖਿਆ ਸੀ। ਹਾਲਾਂਕਿ ਸਾਲ 2013 ਵਿੱਚ ਮਹਿਤਾ ਦੀ ਫ਼ਿਲਮ ‘ਸ਼ਾਹਿਦ’ ਨੇ ਉਸ ਨੂੰ ਪਛਾਣ ਦਿੱਤੀ। ਇਸ ਤੋਂ ਇਲਾਵਾ ਉਹ ‘ਸਿਟੀ ਲਾਈਟਸ’, ‘ਅਲੀਗੜ੍ਹ’, ‘ਬੋਸ: ਡੈੱਡ/ਅਲਾਈਵ’, ‘ਓਮਰਤਾ’ ਅਤੇ ਹਾਲ ਹੀ ਵਿੱਚ ਰਿਲੀਜ਼ ਹੋਈ ਡਿਜੀਟਲ ਫ਼ਿਲਮ ‘ਛਲਾਂਗ’ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਇੱਕ ਅਦਾਕਾਰ ਵਜੋਂ ਰਾਜਕੁਮਾਰ ਦੇ ਅੱਗੇ ਵਧਣ ਬਾਰੇ ਗੱਲ ਕਰਦਿਆਂ ਮਹਿਤਾ ਨੇ ਕਿਹਾ, ‘‘ਸਭ ਤੋਂ ਚੰਗੀ ਗੱਲ ਇਹ ਹੈ ਕਿ ਰਾਜਕੁਮਾਰ ਅਜੇ ਵੀ ਬਹੁਤ ਨਿਮਰ ਅਤੇ ਨਰਮ ਸੁਭਾਅ ਦਾ ਹੈ ਅਤੇ ਇੱਕ ਅਦਾਕਾਰ ਵਜੋਂ ਇਹ ਗੁਣ ਹਮੇਸ਼ਾ ਉਸ ਵਿੱਚ ਰਹੇ ਹਨ। ਉਹ ਪਹਿਲਾਂ ਵਰਗਾ ਹੀ ਹੈ, ਬਦਲਾਅ ਬੱਸ ਇਹੀ ਹੋਇਆ ਹੈ ਕਿ ਰਾਜਕੁਮਾਰ ਕਾਫ਼ੀ ਮਸ਼ਹੂਰ ਹੋ ਗਿਆ ਹੈ।’’ ਉਸ ਨੇ ਯਾਦ ਕੀਤਾ ਕਿ ਕਿਸ ਤਰ੍ਹਾਂ ਉਹ ਅਤੇ ਰਾਜਕੁਮਾਰ ਸੜਕਾਂ ’ਤੇ ਸੀਨ ਨੂੰ ਫਿਲਮਾਉਂਦੇ ਸਨ। -ਆਈਏਐੱਨਐੱਸ