ਪੱਤਰ ਪ੍ਰੇਰਕ
ਅਬੋਹਰ, 29 ਅਗਸਤ
ਇੱਥੋਂ ਦੇ ਸਰਕਾਰੀ ਹਸਪਤਾਲ ’ਚ ਸੱਤ ਦਿਨਾਂ ਤੋਂ ਬੰਦ ਪਏ ਬਲੱਡ ਬੈਂਕ ਨੂੰ ਖੋਲ੍ਹਣ ਲਈ ਅੱਜ ਕਿਸਾਨ ਜਥੇਬੰਦੀਆਂ ਅਤੇ ਆਸ਼ਾ ਵਰਕਰਾਂ ਨੇ ਹਸਪਤਾਲ ਦਾ ਮੁੱਖ ਗੇਟ ਬੰਦ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਐਂਬੂਲੈਂਸ ਤੋਂ ਇਲਾਵਾ ਕਿਸੇ ਵੀ ਮਰੀਜ਼ ਅਤੇ ਸਟਾਫ ਨੂੰ ਮੁੱਖ ਗੇਟ ਤੋਂ ਅੰਦਰ ਨਹੀਂ ਜਾਣ ਦਿੱਤਾ, ਜਿਸ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸੂਚਨਾ ਮਿਲਣ ’ਤੇ ਨਾਇਬ ਤਹਿਸੀਲਦਾਰ, ਡੀਐੱਸਪੀ ਪੁਲੀਸ ਫੋਰਸ ਸਮੇਤ ਮੌਕੇ ’ਤੇ ਪਹੁੰਚ ਗਈ। ਕਿਸਾਨ ਆਗੂ ਨਿਰਮਲ ਸਿੰਘ ਅਤੇ ਜਗਜੀਤ ਸਿੰਘ, ਆਸ਼ਾ ਵਰਕਰ ਯੂਨੀਅਨ ਪੰਜੋਲਾ ਗਰੁੱਪ ਦੀ ਜ਼ਿਲ੍ਹਾ ਪ੍ਰਧਾਨ ਬਲਕਰਨ ਕੌਰ ਤੇ ਊਧਮ ਐੱਨਜੀਓ ਦੇ ਸੰਦੀਪ ਕੰਬੋਜ ਨੇ ਕਿਹਾ ਕਿ ਅਬੋਹਰ ਦੇ ਮੁੱਖ ਹਸਪਤਾਲ ਸਮੇਤ ਪੇਂਡੂ ਖੇਤਰਾਂ ਵਿੱਚ ਬਣੇ ਹਸਪਤਾਲ ਵੀ ਚਿੱਟਾ ਹਾਥੀ ਸਾਬਿਤ ਹੋ ਰਹੇ ਹਨ।