ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਜੂਨ
ਕੌਮੀ ਰਾਜਧਾਨੀ ਵਿੱਚ ਤਕਰੀਬਨ 50 ਦਿਨਾਂ ਮਗਰੋਂ ‘ਜਿਸਤ-ਟਾਂਕ’ ਫਾਰਮੂਲੇ ਤਹਿਤ ਅੱਜ ਬਾਜ਼ਾਰ ਤੇ ਮਾਲ ਖੁੱਲ ਗਏ ਹਨ। ਇਸ ਦੌਰਾਨ ਵਪਾਰੀਆਂ ਨੇ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਸਰੀਰਕ ਦੂਰੀ ਸਣੇ ਹੋਰ ਬਚਾਅ ਦੇ ਸਾਰੇ ਉਪਾਅ ਅਪਣਾ ਕੇ ਇੱਕ ਵਾਰ ਫਿਰ ਤੋਂ ਦਿੱਲੀ ’ਚ ਕਾਰੋਬਾਰ ਕਰਨ ਦੀ ਕਵਾਇਦ ਸ਼ੁਰੂ ਕੀਤੀ। ਜ਼ਿਕਰਯੋਗ ਹੈ ਕਿ ਅੱਜ ਜਿਸਤ ਟਾਂਕ ਫਾਰਮੂਲੇ ਤਹਿਤ ਦੁਕਾਨਾਂ ਤਾਂ ਖੁੱਲ੍ਹ ਗਈਆਂ, ਪਰ ਜ਼ਿਆਦਾਤਰ ਬਾਜ਼ਾਰਾਂ ’ਚ ਸੁੰਨ ਪੱਸਰੀ ਹੋਈ ਸੀ, ਕਿਉਂਕਿ ਵਪਾਰੀ ਦੁਕਾਨਾਂ ਦੀ ਸਫਾਈ ’ਚ ਵਧੇਰੇ ਰੁੱਝੇ ਹੋਏ ਸਨ ਤੇ ਦੂਜੇ ਪਾਸੇ ਗਾਹਕ ਕਰੋਨਾ ਦੀ ਲਾਗ ਦੇ ਡਰੋਂ ਬਾਜ਼ਾਰਾਂ ਵਿੱਚ ਗੈਰਹਾਜ਼ਰ ਰਹੇ। ਇਸ ਦੌਰਾਨ ਦੁਕਾਨਦਾਰਾਂ ਨੇ ਉਮੀਦ ਜਤਾਈ ਕਿ ਆਉਣ ਵਾਲੇ ਹਫ਼ਤੇ ਵਿੱਚ ਕਰੋਨਾ ਸਥਿਤੀ ਵਿੱਚ ਕੁਝ ਹੋਰ ਸੁਧਾਰ ਹੋਣ ਮਗਰੋਂ ਲੋਕ ਬਾਜ਼ਾਰਾਂ ਵਿੱਚ ਆਉਣਗੇ। ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਦੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਦੱਸਿਆ ਕਿ ਅਪਰੈਲ-ਮਈ 2021 ਤੱਕ ਦੋ ਮਹੀਨਿਆਂ ਦੀ ਮਿਆਦ ਦੇ ਦੌਰਾਨ ਦਿੱਲੀ ਦੇ ਕਾਰੋਬਾਰ ਨੂੰ ਤਕਰੀਬਨ 40 ਹਜ਼ਾਰ ਕਰੋੜ ਦੇ ਕਾਰੋਬਾਰ ਨੂੰ ਵੱਡਾ ਘਾਟਾ ਪਿਆ ਹੈ। ਜੋ ਕਿ ਯਕੀਨਨ ਦਿੱਲੀ ਦੇ ਕਾਰੋਬਾਰੀਆਂ ਲਈ ਵੱਡਾ ਝਟਕਾ ਹੈ। ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਦਿੱਲੀ ਦੇ ਕਾਰੋਬਾਰੀਆਂ ਲਈ ਸ੍ਰੀ ਖੰਡੇਲਵਾਲ ਨੇ ਮੁੱਖ ਮੰਤਰੀ ਕੇਜਰੀਵਾਲ ਤੋਂ ਤੁਰੰਤ ਇੱਕ ਵਿੱਤੀ ਪੈਕੇਜ ਦੇਣ ਦੀ ਮੰਗ ਕੀਤੀ ਹੈ।
ਮੈਟਰੋ ਸਟੇਸ਼ਨਾਂ ’ਤੇ ਕਰੋਨਾ ਨੇਮਾਂ ਦੀਆਂ ਉੱਡੀਆਂ ਧੱਜੀਆਂ
ਦਿੱਲੀ ਮੈਟਰੋ ’ਚ ਅਨਲੌਕ-2 ਦੌਰਾਨ ਇਕ ਦਮ ਭੀੜ ਵਧਣ ਕਾਰਨ ਮੈਟਰੋ ਨੂੰ ਆਪਣੇ ਕੁਝ ਸਟੇਸ਼ਨ ਕੁਝ ਸਮੇਂ ਲਈ ਰੁਕ-ਰੁਕ ਕੇ ਬੰਦ ਕਰਨੇ ਪਏ ਤੇ ਸਟੇਸ਼ਨਾਂ ਅੱਗੇ ਪੁਲੀਸ ਤਾਇਨਾਤ ਕਰਨੀ ਪਈ। ਲੋਕਾਂ ਨੇ ਕੋਵਿਡ ਨੇਮਾਂ ਦੀ ਅਣਦੇਖੀ ਵੀ ਕੀਤੀ। ਦਿੱਲੀ ਮੈਟਰੋ ਨੇ ਸੋਮਵਾਰ ਨੂੰ 50 ਫੀਸਦ ਸਮਰੱਥਾ ਨਾਲ ਆਪਣੀਆਂ ਸੇਵਾਵਾਂ ਦੁਬਾਰਾ ਸ਼ੁਰੂ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੇ ਕਾਰਨ ਰਾਸ਼ਟਰੀ ਰਾਜਧਾਨੀ ਵਿੱਚ ਮੈਟਰੋ ਸੇਵਾਵਾਂ ਮੁਕੰਮਲ ਮੁਅੱਤਲ ਸਨ, ਜੋ ਅੱਜ ਮੁੜ ਸੋਮਵਾਰ ਨੂੰ ਸ਼ੁਰੂ ਹੋਈ ਹੈ। ਇਸ ਦੌਰਾਨ ਯਾਤਰੀਆਂ ਨੂੰ ਨਿਯਮਾਂ ਨੂੰ ਤੋੜਦੇ ਹੋਏ ਵੇਖਿਆ ਗਿਆ। ਮੈਟਰੋ ਗੱਡੀਆਂ ਦੇ ਅੰਦਰ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਜਿਸ ’ਚ ਯਾਤਰੀਆਂ ਦੀ ਭੀੜ ਜ਼ਿਆਦਾ ਹੋਣ ਕਾਰਨ ਯਾਤਰੀ ਖੜ੍ਹੇ ਦਿਖਾਈ ਦਿੱਤੇ। ਦਿੱਲੀ ਮੈਟਰੋ ਨੇ ਟਵੀਟ ਕਰਦਿਆਂ ਲਿਖਿਆ, ‘ਭੀੜ ਨੂੰ ਕਾਬੂ ਕਰਨ ਵਜੋਂ ਸਮਾਜਕ ਦੂਰੀਆਂ ਨੂੰ ਯਕੀਨੀ ਬਣਾਉਣ ਲਈ ਸਾਡੇ ਕੁਝ ਸਟੇਸ਼ਨ ਰੁਕ-ਰੁਕ ਕੇ ਬੰਦ ਕੀਤੇ ਜਾ ਰਹੇ ਹਨ ਤੇ ਥੋੜ੍ਹੇ ਸਮੇਂ ਲਈ ਖੋਲ੍ਹੇ ਜਾ ਰਹੇ ਹਨ। ਕ੍ਰਿਪਾ ਕਰਕੇ ਸਾਡੇ ਨਾਲ ਸਹਿਯੋਗ ਕਰੋ ਤੇ ਸਫਰ ਵਿੱਚ ਵਧੇਰੇ ਸਮਾਂ ਦਿਓ’’। ਜਾਣਕਾਰੀ ਮੁਤਾਬਿਕ ਦਿੱਲੀ ਮੈਟਰੋ ਤੋਂ ਇਲਾਵਾ ਆਈਟੀਓ ਸਮੇਤ ਕਈ ਥਾਵਾਂ ‘ਤੇ ਕਾਫ਼ੀ ਟਰੈਫਿਕ ਦੇਖਣ ਨੂੰ ਮਿਲਿਆ।