ਨਿੱਜੀ ਪੱਤਰ ਪ੍ਰੇਰਕ
ਖੰਨਾ, 11 ਜੂਨ
ਪੁਲੀਸ ਜ਼ਿਲ੍ਹਾ ਖੰਨਾ ਨੇ ਕੌਂਸਲਰ ਦੇ ਅਕਸ ਖਿਲਾਫ਼ ਫੇਸਬੁੱਕ ’ਤੇ ਪੋਸਟ ਪਾਉਣ ਵਾਲੇ ਅਣਪਛਾਤੇ ਫੇਸਬੁੱਕ ਯੂਜ਼ਰ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਕੌਂਸਲਰ ਸੁਖਮਨਜੀਤ ਸਿੰਘ ਨੇ ਕਿਹਾ ਕਿ ਕਿਸੇ ਅਣਪਛਾਤੇ ਫੇਸਬੁੱਕ ਯੂਜ਼ਰ ਗੋਕੁਲ ਸ਼ਰਮਾ ਵੱਲੋਂ ਇੱਕ ਫਰਜ਼ੀ ਫੇਸਬੁੱਕ ਆਈਡੀ ਤੋਂ ਉਸ ਦੇ ਨਾਮ ਦੀ ਵਰਤੋਂ ਕਰਕੇ ਨਸ਼ੇੜੀਆਂ ਨੂੰ ਸਹਾਰਾ ਦੇਣ ਤੇ ਲੜਕੇ-ਲੜਕੀਆਂ ਨੂੰ ਨਸ਼ੇ ’ਤੇ ਲਾਉਣ ਲਈ ਇੱਕ ਪੋਸਟ ਪਾਈ ਗਈ ਸੀ। ਸੂਤਰਾਂ ਮੁਤਾਬਕ ਸ਼ੁਰੂਆਤੀ ਜਾਂਚ ’ਚ ਇਹ ਪ੍ਰੋਫਾਈਲ ਫਰਜ਼ੀ ਜਾਪਦੀ ਹੈ। ਕੌਂਸਲਰ ਨੇ ਪ੍ਰੋਫਾਈਲ ਦੇ ਅਸਲੀ ਸੰਚਾਲਕ ਦਾ ਪਤਾ ਲਾ ਕੇ ਉਸ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਏਐੱਸਆਈ ਸੁਖਦੇਵ ਸਿੰਘ ਨੇ ਕਿਹਾ ਕਿ ਨਕਲੀ ਪ੍ਰੋਫਾਈਲ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਕਰਨ ਲਈ ਸਾਈਬਰ ਅਪਰਾਧ ਸ਼ਾਖਾ ਦੀ ਮਦਦ ਲਈ ਜਾਵੇਗੀ।