ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 17 ਅਪਰੈਲ
ਕਰੋਨਾ ਮਹਾਮਾਰੀ ਦੇ ਕੇਸਾਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ ਸਬੰਧੀ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਦਿਆਂ ਮਹਾਮਾਰੀ ਦਾ ਫੈਲਾਅ ਰੋਕਣ ਲਈ ਵਾਧੂ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਨਾਲ ਇਲਾਜ, ਟੀਕਾਕਰਨ ਤੇ ਆਊਟਰੀਚ ਸਬੰਧੀ ਗਤੀਵਿਧੀਆਂ ਵਿੱਚ ਕਈ ਗੁਣਾਂ ਵਾਧਾ ਕੀਤਾ ਗਿਆ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵਿਆਹ ਅਤੇ ਅੰਤਿਮ ਸੰਸਕਾਰ ਵਿੱਚ ਇਕੱਠ ਘਟਾ ਕੇ ਮਹਿਜ਼ 20 ਵਿਅਕਤੀਆਂ ਤੱਕ ਸੀਮਤ ਕੀਤਾ ਗਿਆ ਹੈ ਅਤੇ ਕੰਟੇਨਮੈਂਟ ਜ਼ੋਨਾਂ ਦੇ ਆਲੇ-ਦੁਆਲੇ ਅਣਅਧਿਕਾਰਤ ਇਕੱਠ ’ਤੇ ਸਖ਼ਤ ਨਿਗਰਾਨੀ ਰੱਖਣ ਲਈ ਵਿਸ਼ੇਸ਼ ਨਾਕੇ ਲਗਾਏ ਜਾ ਰਹੇ ਹਨ। ਪੁਲੀਸ ਅਤੇ ਮਾਲ ਅਧਿਕਾਰੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣ ਲਈ ਬਾਜ਼ਾਰਾਂ ਅਤੇ ਭੀੜ ਵਾਲੇ ਖੇਤਰਾਂ ਵਿੱਚ ਚੈਕਿੰਗ ਕਰਨਗੇ। ਉਹ ਮੈਰਿਜ ਪੈਲੇਸਾਂ ਦੀ ਨਿਗਰਾਨੀ ਵੀ ਕਰਨਗੇ ਜਿਸ ਵਿੱਚ ਉਲੰਘਣਾ ਕਰਨ ਵਾਲੇ ਮਹਿਮਾਨਾਂ ਨੂੰ ਜੁਰਮਾਨੇ ਲਗਾਉਣ ਦੇ ਨਾਲ ਨਾਲ ਆਪਣੇ ਪੈਲੇਸ ਵਿੱਚ ਨਿਰਦੇਸ਼ਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ’ਤੇ ਮੈਰਿਜ ਪੈਲੇਸ ਦੇ ਮਾਲਕ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਪੁਲੀਸ ਅਧਿਕਾਰੀ ਕਰਫਿਊ ਦੌਰਾਨ ਚੱਲਣ ਵਾਲੀਆਂ ਕਾਰਾਂ ਨੂੰ ਜ਼ਬਤ ਕਰਨਗੇ ਅਤੇ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਸਮੇਤ ਠੀਕ 9 ਵਜੇ ਕਰਫਿਊ ਲਾਗੂ ਕਰਨਾ ਯਕੀਨੀ ਬਣਾਉਣਗੇ।
ਮਾਸਕ ਨਾ ਪਾਉਣ ’ਤੇ 366 ਜਣਿਆਂ ਦੇ ਚਲਾਨ
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਰੋਨਾ ਲਾਗ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੁਲੀਸ ਨੇ ਕੋਵਿਡ ਸਬੰਧੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਸ਼ਿਕੰਜਾ ਕੱਸ ਦਿੱਤਾ ਹੈ। ਪਿਛਲੇ 24 ਘੰਟਿਆਂ ਦੌਰਾਨ ਪੁਲੀਸ ਨੇ ਮਾਸਕ ਨਾ ਪਾਉਣ ਦੇ ਦੋਸ਼ ਵਿੱਚ 366 ਵਿਅਕਤੀਆਂ ਦੇ ਚਲਾਨ ਕੀਤੇ ਗਏ ਹਨ ਜਦੋਂਕਿ ਰਾਤ ਦੇ ਕਰਫ਼ਿਊ ਦੀ ਉਲੰਘਣਾ ਸਬੰਧੀ 15 ਪਰਚੇ ਦਰਜ ਅਤੇ 66 ਵਾਹਨ ਜ਼ਬਤ ਕੀਤੇ ਗਏ ਹਨ।