ਨਵੀਂ ਦਿੱਲੀ, 12 ਅਗਸਤ
ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਦੋਸ਼ ਲਾਇਆ ਕਿ ਸਰਕਾਰ ਦੇ ਅਮੀਰ ਦੋਸਤ ਕਰੋੜਾਂ ਰੁਪਏ ਦੀਆਂ ਟੈਕਸ ਰਾਹਤਾਂ, ਕਰਜ਼ਾ ਮੁਆਫ਼ੀਆਂ ਤੇ ਛੋਟਾਂ ਲੈ ਕੇ ‘ਗਜਕ’ (ਗੱਚਕ) ਦਾ ਸੁਆਦ ਲੈ ਰਹੇ ਹਨ ਜਦਕਿ ਗਰੀਬਾਂ ਨੂੰ ਛੋਟੀਆਂ ਜਿਹੀਆਂ ਸਹਾਇਤਾਂ ਦੀਆਂ ਰਿਉੜੀਆਂ ਹੀ ਮਿਲ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਐਕਸਪ੍ਰੈੱਸਵੇਅ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਨੇ ਮੁਫ਼ਤ ਸਹੂਲਤਾਂ ਨੂੰ ‘ਰਿਉੜੀ ਸੱਭਿਆਚਾਰ’ ਦਸਦਿਆਂ ਇਸ ਨੂੰ ਦੇਸ਼ ਦੇ ਵਿਕਾਸ ਲਈ ਖਤਰਨਾਕ ਦੱਸਿਆ ਸੀ। ਕਾਂਗਰਸ ਦੇ ਬੁਲਾਰੇ ਗੌਰਵ ਵੱਲਭ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਕਾਰਪੋਰੇਟਾਂ ਦੇ 5.8 ਲੱਖ ਕਰੋੜ ਰੁਪਏ ਦੇ ਬੈਂਕ ਕਰਜ਼ੇ ਕਿਉਂ ਮੁਆਫ਼ ਕੀਤੇ ਗਏ ਤੇ ਕਾਰਪੋਰੇਟਾਂ ’ਤੇ ਤਕਰੀਬਨ 1.45 ਲੱਖ ਕਰੋੜ ਰੁਪਏ ਦਾ ਟੈਕਸ ਕਿਉਂ ਘਟਾਇਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਗਰੀਬ ਤੇ ਲੋੜਵੰਦ ਲੋਕਾਂ ਨੂੰ ਔਖੇ ਸਮੇਂ ਕੋਈ ਛੋਟੀ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਉਹ ‘ਰਿਉੜੀ’ ਹੈ ਤਾਂ ਅਮੀਰਾਂ ਨੂੰ ਦਿੱਤੀ ਜਾਣ ਵਾਲੀ ਮੁਫ਼ਤ ਸਹੂਲਤ ‘ਗਜਕ’ ਦੀ ਤਰ੍ਹਾਂ ਹੈ। ਉਨ੍ਹਾਂ ਕਿਹਾ ਕਿ ਉਹ ਗਰੀਬਾਂ ਨੂੰ ਮਿਲਣ ਵਾਲੀਆਂ ‘ਰਿਉੜੀਆਂ’ ਦੇ ਨਹੀਂ ਸਗਂ ਅਮੀਰਾਂ ਨੂੰ ਮਿਲ ਰਹੀ ‘ਮੁਫ਼ਤ ਦੀ ਗਜਕ’ ਦੇ ਖ਼ਿਲਾਫ਼ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਪੰਜ ਸਾਲਾਂ ਦੌਰਾਨ ਬੈਂਕਾਂ ਤੋਂ 9.92 ਲੱਖ ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ ਜਿਸ ਵਿੱਚ 7.27 ਲੱਖ ਕਰੋੜ ਰੁਪਏ ਸਰਕਾਰੀ ਬੈਂਕਾਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੰਸਦ ਵਿੱਚ ਲਿਖਤੀ ਜਵਾਬ ਦੌਰਾਨ ਇਹ ਮੰਨਿਆ ਹੈ ਕਿ ਇਸ ਰਾਸ਼ੀ ’ਚੋਂ ਸਿਰਫ਼ 1.03 ਲੱਖ ਕਰੋੜ ਰੁਪਏ ਦੇ ਕਰਜ਼ੇ ਦੀ ਹੀ ਵਸੂਲੀ ਕੀਤੀ ਜਾ ਸਕੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਅਨੁਮਾਨ ਹੈ ਕਿ ਆਉਣ ਵਾਲੇ ਸਮੇਂ ’ਚ ਇਹ ਵਸੂਲੀ 20 ਫੀਸਦ ਤੱਕ ਵੱਧ ਸਕਦੀ ਹੈ। ਸਰਕਾਰੀ ਬੈਂਕਾਂ ਨੇ 5.8 ਲੱਖ ਕਰੋੜ ਰੁਪਏ ਦੇ ਕਰਜ਼ੇ ਦੀ ਵਸੂਲੀ ਨਹੀਂ ਕੀਤੀ ਹੈ। ਉਨ੍ਹਾਂ ਮੋਦੀ ਸਰਕਾਰ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਸਾਲ 2022 ਤੱਕ ਹਰ ਭਾਰਤੀ ਨੂੰ ਪੱਕਾ ਮਕਾਨ ਦੇਣ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਬੁਲੇਟ ਟਰੇਨ ਚਲਾਉਣ ਅਤੇ ਦੇਸ਼ ਦੀ ਆਰਥਿਕਤਾ ਨੂੰ ਪੰਜ ਖਰਬ ਡਾਲਰ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ, ‘ਇਹ ਝੂਠੇ ਵਾਅਦਿਆਂ ਦਾ ਸੱਭਿਆਚਾਰ ਕਦੋਂ ਤੇ ਕਿਵੇਂ ਖਤਮ ਹੋਵੇਗਾ? ਕੀ ਪ੍ਰਧਾਨ ਮੰਤਰੀ ਆਪਣੇ ਝੂਠੇ ਵਾਅਦਿਆਂ ਲਈ ਕੋਈ ਨਵੀਂ ਸਮਾਂ ਸੀਮਾ ਦੇਣਗੇ।’ -ਪੀਟੀਆਈ
‘ਦੋਸਤਵਾਦੀ’ ਸਿਆਸਤ ਛੱਡ ਲੋਕ ਭਲਾਈ ਲਈ ਕੰਮ ਕਰੇ ਕੇਂਦਰ: ਸਿਸੋਦੀਆ
ਨਵੀਂ ਦਿੱਲੀ: ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਦੋਸ਼ ਲਾਇਆ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਇਹ ਦਾਅਵਾ ਕਰਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਕਿ ਲੋਕ ਭਲਾਈ ’ਤੇ ਸਰਕਾਰੀ ਪੈਸਾ ਖਰਚਣ ਨਾਲ ਭਾਰਤ ਬਰਬਾਦ ਹੋ ਜਾਵੇਗਾ। ਉਨ੍ਹਾਂ ਕੇਂਦਰ ਨੂੰ ਲੋਕਾਂ ਦੀ ਭਲਾਈ ਲਈ ਫੰਡ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਸਿਸੋਦੀਆ ਨੇ ਦਿੱਲੀ ਸਕੱਤਰੇਤ ’ਚ ਪੱਤਰਕਾਰ ਸੰਮੇਲਨ ਦੌਰਾਨ ਦਾਅਵਾ ਕੀਤਾ ਕਿ ਸ਼ਾਸਨ ਦੇ ਦੋ ਮਾਡਲ ਹਨ ਜਿਨ੍ਹਾਂ ’ਚੋਂ ਇੱਕ ‘ਦੋਸਤਵਾਦੀ’ ਤੇ ਦੂਜਾ ਲੋਕ ਭਲਾਈ ਯੋਜਨਾਵਾਂ ’ਚ ਨਿਵੇਸ਼ ਦਾ ਹੈ। ਉਨ੍ਹਾਂ ਕਿਹਾ, ‘ਭਾਰਤੀ ਜਨਤਾ ਪਾਰਟੀ ਦੇ ਦੋਸਤਵਾਦੀ ਮਾਡਲ ਰਾਹੀਂ ਭਾਜਪਾ ਦੇ ਦੋਸਤਾਂ ਦਾ ਲੱਖਾਂ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਜਾਂਦਾ ਹੈ ਪਰ ਆਮ ਆਦਮੀ ਨੂੰ ਸਿਹਤ ਤੇ ਸਿੱਖਿਆ ਜਿਹੀਆਂ ਸਹੂਲਤਾਂ ਤੋਂ ਵਾਂਝਾ ਰੱਖਿਆ ਜਾਂਦਾ ਹੈ।’ ਉਨ੍ਹਾਂ ਕਿਹਾ, ‘ਉਹ ਦੋਸਤਵਾਦ ਦੀ ਰਾਜਨੀਤੀ ਕਰਦੇ ਹਨ ਤੇ ਅਸੀਂ ਆਮ ਲੋਕਾਂ ਲਈ ਰਾਜਨੀਤੀ ਕਰਦੇ ਹਾਂ।’ -ਪੀਟੀਆਈ