ਨਵੀਂ ਦਿੱਲੀ, 13 ਜੁਲਾਈ
ਕਾਂਗਰਸ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ’ਤੇ ਵਰ੍ਹਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਅਰਥਚਾਰੇ ਨੂੰ ਪੈਰਾਂ ਸਿਰ ਕਰਨ ਦੀ ਬਜਾਏ ਯੂਰੇਨਸ ਅਤੇ ਪਲੂਟੋ ’ਚ ਵਧੇਰੇ ਦਿਲਚਸਪੀ ਹੈ। ਸਰਕਾਰ ਵੱਲੋਂ ਮਹਿੰਗਾਈ ਦੇ ਅੰਕੜੇ ਜਾਰੀ ਕਰਨ ਦੇ ਇਕ ਦਿਨ ਬਾਅਦ ਕਾਂਗਰਸ ਤਰਜਮਾਨ ਗੌਰਵ ਵੱਲਭ ਨੇ ਕਿਹਾ,‘‘ਵਿੱਤ ਮੰਤਰੀ ਨਾਸਾ ਦੀ ਵੈੱਬ ਟੈਲੀਸਕੋਪ ਤੋਂ ਤਸਵੀਰਾਂ ਟਵੀਟ ਕਰਨ ’ਚ ਰੁੱਝੀ ਹੋਈ ਹੈ ਪਰ ਉਹ ਮਹਿੰਗਾਈ ’ਤੇ ਨੱਥ ਪਾਉਣ ਦੀ ਯੋਜਨਾ ਬਾਰੇ ਮੁਲਕ ਨਾਲ ਕੋਈ ਵਿਚਾਰ ਸਾਂਝਾ ਨਹੀਂ ਕਰ ਰਹੀ ਹੈ।’’ ਉਨ੍ਹਾਂ ਮੋਦੀ ਸਰਕਾਰ ’ਤੇ ਇਹ ਵੀ ਦੋਸ਼ ਲਾਇਆ ਕਿ ਉਹ ਵਧ ਰਹੀ ਮਹਿੰਗਾਈ, ਬੇਰੁਜ਼ਗਾਰੀ ਅਤੇ ਡਿੱਗ ਰਹੇ ਰੁਪਏ ਨਾਲ ਸਿੱਝਣ ਦੀ ਬਜਾਏ ਸਮਾਜ ਨੂੰ ਵੰਡ ਕੇ ਬਦਅਮਨੀ ਦੇ ਹਾਲਾਤ ਪੈਦਾ ਕਰ ਰਹੀ ਹੈ। ਵੱਲਭ ਨੇ ਕਿਹਾ ਕਿ ਭਾਜਪਾ 7 ਅੰਕ ਨਾਲ ਤਬਾਹੀ ਲੈ ਕੇ ਆਈ ਹੈ ਯਾਨੀ ਪਰਚੂਨ ਮਹਿੰਗਾਈ ਦਰ 7.01 ਫ਼ੀਸਦ, ਬੇਰੁਜ਼ਗਾਰੀ ਦਰ 7.8 ਫ਼ੀਸਦ ਅਤੇ ਡਾਲਰ ਦੇ ਮੁਕਾਬਲੇ ’ਚ ਰੁਪਇਆ 7 ਫ਼ੀਸਦ ਡਿੱਗਿਆ। ‘ਇਹ ਸਾਰੇ ਅੰਕੜੇ ਚਿੰਤਾਜਨਕ ਹਨ ਪਰ ਭਾਜਪਾ ਸਰਕਾਰ ਗੂੜ੍ਹੀ ਨੀਂਦ ਸੁੱਤੀ ਪਈ ਹੈ।’ ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰ ਆਮ ਆਦਮੀ ਨੂੰ ਤਾਂ ਹੀ ਰਾਹਤ ਦੇ ਸਕਦੀ ਹੈ ਜੇਕਰ ਉਸ ’ਚ ਕਿਸੇ ਪ੍ਰਤੀ ਹਮਦਰਦੀ ਹੋਵੇ। ਉਨ੍ਹਾਂ ਮੁਤਾਬਕ ਭਾਜਪਾ ਸਰਕਾਰ ਜਦੋਂ ਤੱਕ ਈਡੀ ਅਤੇ ਸੀਬੀਆਈ ਦੀ ਸਿਆਸਤ ਤੋਂ ਅਗਾਂਹ ਨਹੀਂ ਦੇਖੇਗੀ, ਆਮ ਭਾਰਤੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਰਹਿਣਗੇ। -ਪੀਟੀਆਈ
ਰਾਹੁਲ ਵੱਲੋਂ ਮਹਿੰਗਾਈ, ਬੇਰੁਜ਼ਗਾਰੀ ਅਤੇ ਕਰਜ਼ੇ ਸਬੰਧੀ ਸਰਕਾਰ ’ਤੇ ਹਮਲਾ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵਧ ਰਹੀ ਮਹਿੰਗਾਈ, ਬੇਰੁਜ਼ਗਾਰੀ ਅਤੇ ਕਰਜ਼ੇ ’ਤੇ ਕੇਂਦਰ ਸਰਕਾਰ ਦੀ ਨੁਕਤਾਚੀਨੀ ਕੀਤੀ ਹੈ। ਉਨ੍ਹਾਂ ਇਨ੍ਹਾਂ ਸਾਰੇ ਮੁੱਦਿਆਂ ’ਤੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਟਵੀਟ ਕੀਤਾ,‘‘ਜਦੋਂ ਈਗੋਨਾਮਿਕਸ ਨੇ ਇਕਨਾਮਿਕਸ ਨੂੰ ਪਛਾੜਿਆ।’’ ਉਨ੍ਹਾਂ ਚਾਰਟ ਸਾਂਝਾ ਕਰਦਿਆਂ ਕਿਹਾ ਕਿ 2014 ’ਚ ਸਰਕਾਰ ’ਤੇ ਕਰਜ਼ਾ 56 ਲੱਖ ਕਰੋੜ ਸੀ ਜੋ 2022 ’ਚ ਵਧ ਕੇ 139 ਲੱਖ ਕਰੋੜ ਰੁਪਏ ਹੋ ਗਿਆ ਹੈ। ਇਸੇ ਤਰ੍ਹਾਂ ਬੇਰੁਜ਼ਗਾਰੀ 2014 ਦੇ 4.7 ਫ਼ੀਸਦ ਦੇ ਮੁਕਾਬਲੇ ’ਚ 2022 ’ਚ 7.8 ਫ਼ੀਸਦ ਹੋ ਗਈ। ਰਸੋਈ ਗੈਸ ਸਿਲੰਡਰ 410 ਰੁਪਏ ਤੋਂ ਵਧ ਕੇ 1,053 ਰੁਪਏ ਦਾ ਹੋ ਗਿਆ ਹੈ। ਰਾਹੁਲ ਨੇ ਇਹ ਵੀ ਦਾਅਵਾ ਕੀਤਾ ਕਿ 2022 ’ਚ ਪ੍ਰਤੀ ਵਿਅਕਤੀ ਕਰਜ਼ਾ 1,01,048 ਰੁਪਏ ਹੋ ਗਿਆ ਹੈ ਜਦਕਿ 2014 ’ਚ ਇਹ 44,348 ਰੁਪਏ ਸੀ। -ਪੀਟੀਆਈ