ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ, ਰਾਜੀਵ ਭਵਨ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਚੌਧਰੀ ਨੇ ਦਿੱਲੀ ਸਟੇਟ ਇੰਡੀਅਨ ਨੈਸ਼ਨਲ ਟੀਚਰਜ਼ ਕਾਂਗਰਸ (ਇਨਟੈੱਕ) ਦੇ ਜਨਰਲ ਸਕੱਤਰ, ਦਿੱਲੀ ਇੰਚਾਰਜ ਸ਼ਕਤੀ ਸਿੰਘ ਗੋਹਿਲ ਦੀ ਸਲਾਹ ’ਤੇ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ। ਪ੍ਰੈਸ ਕਾਨਫਰੰਸ ਵਿੱਚ ਇਨਟੈੱਕ ਦੇ ਨਵ-ਨਿਯੁਕਤ ਚੇਅਰਮੈਨ ਪੰਕਜ ਕੁਮਾਰ ਗਰਗ ਦੇ ਨਾਲ ਕਨਵੀਨਰ ਐੱਮ.ਰਾਮਾਨੰਦ ਸਿੰਘ, ਡਾ. ਪ੍ਰਦੀਪ ਕੁਮਾਰ, ਡਾ. ਪ੍ਰਦੀਪ ਕੁਮਾਰ ਸ਼ਰਮਾ, ਜਨਰਲ ਸਕੱਤਰ ਪ੍ਰੋ. ਰਤਨੇਸ਼ ਰੰਜਨ ਸਕਸੈਨਾ, ਡਾ. ਵੀ. ਰਾਜਲਕਸ਼ਮੀ, ਸ਼ਫੀਕੁਲ ਆਲਮ, ਡਾ. ਨਗੇਂਦਰ ਸ਼ਰਮਾ ਅਤੇ ਡਾ. ਮਨੋਜ ਵਰਸ਼ਨੇ ਵੀ ਹਾਜ਼ਰ ਸਨ। ਪ੍ਰੋ. ਪੰਕਜ ਕੁਮਾਰ ਗਰਗ ਨੇ ਅਹੁਦਾ ਸੰਭਾਲਣ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਵਿੱਚ ਅਧਿਆਪਕਾਂ ਦੀਆਂ ਸਮੱਸਿਆਵਾਂ ਪ੍ਰਤੀ ਮਜ਼ਬੂਤੀ ਨਾਲ ਕੰਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਇਨਟੈੱਕ ਯੂਨੀਵਰਸਿਟੀ ਦੇ ਅਧਿਆਪਕਾਂ ਦੇ ਹੱਕਾਂ ਲਈ ਲੜੇਗੀ।