ਜੰਮੂ, 30 ਅਗਸਤ
ਜੰਮੂ ਕਸ਼ਮੀਰ ਦੇ ਬਨਿਹਾਲ-ਕਟੜਾ ਰੇਲਵੇ ਲਿੰਕ ’ਤੇ 111 ਕਿਲੋਮੀਟਰ ਨਿਰਮਾਣ ਅਧੀਨ ਰੇਲਵੇ ਰੂਟ ’ਤੇ ਦੋ ਸਟੇਸ਼ਨਾਂ ਨੂੰ ਜੋੜਨ ਵਾਲੀ 9.8 ਕਿਲੋਮੀਟਰ ਲੰਮੀ ਸੁਰੰਗ ਦਾ ਕੰਮ ਪੂਰਾ ਹੋ ਗਿਆ ਹੈ। ਊਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲਵੇ ਲਾਈਨ ਪ੍ਰਾਜੈਕਟ (ਯੂਐੱਸਬੀਆਰਐੱਲ) ਦਾ ਹਿੱਸਾ ਇਸ ਸੁਰੰਗ ਦਾ ਕੰਮ 2018 ਵਿੱਚ ਸ਼ੁਰੂ ਹੋਇਆ ਸੀ। 12.6 ਕਿਲੋਮੀਟਰ ਲੰਮੀ ਟੀ-49ਬੀ ਸੁਰੰਗ ਤੋਂ ਬਾਅਦ ਇਹ ਭਾਰਤੀ ਰੇਲਵੇ ਦੀ ਤੀਜੀ ਸਭ ਤੋਂ ਲੰਮੀ ਸੁਰੰਗ ਹੈ। ਟੀ-49ਬੀ ਦਾ ਨਿਰਮਾਣ ਕਾਰਜ ਇਸ ਸਾਲ ਜਨਵਰੀ ਵਿੱਚ ਪੂਰਾ ਹੋਇਆ ਸੀ। 14 ਅਗਸਤ ਨੂੰ ਰਿਆਸੀ ਜ਼ਿਲ੍ਹੇ ਦੇ ਕੌੜੀ ਇਲਾਕੇ ਵਿੱਚ ਚਨਾਬ ਦਰਿਆ ’ਤੇ ਬਣੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ ਦਾ ਕੰਮ ਪੂਰਾ ਹੋ ਗਿਆ ਸੀ ਤੇ ਇਸ ਦੇ ਨਾਲ ਹੀ ਐਸਕੇਪ ਸੁਰੰਗ ਟੀ-13 ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ।
ਇੱਕ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ, ‘‘ਅਸੀਂ ਊਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲ ਲਿੰਕ (ਯੂਐੱਸਬੀਆਰਐੱਲ) ਦੇ ਕਟੜਾ-ਬਨਿਹਾਲ ਸੈਕਸ਼ਨ ਵਿੱਚ ਦੁੱਗਾ ਅਤੇ ਸਾਵਲਕੋਟ ਸਟੇਸ਼ਨਾਂ ਵਿਚਾਲੇ ਸੁਰੰਗ ਦਾ ਨਿਰਮਾਣ ਕਾਰਜ ਪੂਰਾ ਕਰ ਲਿਆ ਹੈ।’’ ਉਨ੍ਹਾਂ ਦੱਸਿਆ ਕਿ 272 ਕਿਲੋਮੀਟਰ ਲੰਮੇ ਇਸ ਪ੍ਰਾਜੈਕਟ ’ਚੋਂ 161 ਕਿਲੋਮੀਟਰ ਦਾ ਕੰਮ ਪੜਾਅਵਾਰ ਸ਼ੁਰੂ ਕੀਤਾ ਗਿਆ ਸੀ। 118 ਕਿਲੋਮੀਟਰ ਲੰਮਾ ਕਾਜ਼ੀਗੁੰਡ-ਬਾਰਾਮੂਲਾ ਸੈਕਸ਼ਨ ਦਾ ਪਹਿਲਾ ਪੜਾਅ ਅਕਤੂਬਰ 2009 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਬਾਅਦ 18 ਕਿਲੋਮੀਟਰ ਲੰਮਾ ਬਨਿਹਾਲ-ਕਾਜ਼ੀਗੁੰਡ ਸੈਕਸ਼ਨ ਦਾ ਦੂਜਾ ਪੜਾਅ ਜੂਨ 2013 ਅਤੇ 25 ਕਿਲੋਮੀਟਰ ਲੰਮਾ ਊਧਮਪੁਰ-ਕਟੜਾ ਦਾ ਤੀਜਾ ਪੜਾਅ 2014 ਜੁਲਾਈ ਵਿੱਚ ਸ਼ੁਰੂ ਕੀਤਾ ਗਿਆ ਸੀ। ਪੀਟੀਆਈ