ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 13 ਜੁਲਾਈ
ਕਸਟਮ ਅਧਿਕਾਰੀਆਂ ਨੇ ਦਿੱਲੀ ਦੇ ਆਈਜੀਆਈ ਹਵਾਈ ਅੱਡੇ ’ਤੇ ਵੀਅਤਨਾਮ ਤੋਂ ਆਏ ਭਾਰਤੀ ਜੋੜੇ ਨੂੰ 45 ਪਿਸਤੌਲਾਂ ਸਮੇਤ ਕਾਬੂ ਕੀਤਾ ਹੈ। ਪਿਸਤੌਲਾਂ ਦੀ ਕੀਮਤ 22.5 ਲੱਖ ਰੁਪਏ ਹੈ। ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਜੋੜੇ ਨੇ ਇਹ ਪਿਸਤੌਲਾਂ ਦੋ ਬੈਗਾਂ ਵਿੱਚ ਰੱਖੀਆਂ ਹੋਈਆਂ ਸਨ। ਜੋੜੇ ਨੂੰ ਗ੍ਰਿਫ਼ਤਾਰ ਕਰਨ ਵਾਲੇ ਅਧਿਕਾਰੀ ਨੇ ਦੱਸਿਆ ਕਿ ਬੈਲਿਸਟਿਕ ਰਿਪੋਰਟ ਤੋਂ ਇਨ੍ਹਾਂ ਪਿਸਤੌਲਾਂ ਦੇ ਅਸਲੀ ਤੇ ਨਕਲੀ ਹੋਣ ਦਾ ਪਤਾ ਲੱਗੇਗਾ। ਉਧਰ ਇਕ ਅਧਿਕਾਰੀ ਨੇ ਦੱਸਿਆ ਦਿ ਸ਼ੁਰੂਆਤੀ ਜਾਂਚ ਵਿੱਚ ਐਨਐਸਜੀ ਨੇ ਇਨ੍ਹਾਂ ਪਿਸਤੌਲਾਂ ਦੇ ਕਾਰਜਸ਼ੀਲ ਹੋਣ ਦੀ ਪੁਸ਼ਟੀ ਕੀਤੀ ਹੈ। ਮੁਲਜ਼ਮ ਜੋ ਵੀਅਤਨਾਮ ਦੇ ਹੋ ਚੀ ਮਿਨ ਸ਼ਹਿਰ ਤੋਂ ਸੋਮਵਾਰ ਨੂੰ ਇਥੇ ਪੁੱਜੇ ਸਨ ’ਤੇ ਅਧਿਕਾਰੀਆਂ ਵੱਲੋਂ ਨਜ਼ਰ ਰੱਖੀ ਜਾ ਰਹੀ ਸੀ। ਇਹ ਜੋੜਾ ਆਪਣੀ ਧੀ ਨਾਲ ਇਥੇ ਪੁੱਜਿਆ ਸੀ। ਕਸ਼ਟਮ ਵਿਭਾਗ ਵੱਲੋਂ ਜਾਰੀ ਬਿਆਨ ਅਨੁਸਾਰ ਪੁਰਸ਼ ਯਾਤਰੀ ਕੋਲ ਦੋ ਟਰਾਲੀ ਬੈਗ ਸਨ ਜੋ ਉਸ ਨੂੰ ਉਸ ਦੇ ਵੱਡੇ ਭਰਾ ਨੇ ਦਿੱਤੇ ਸਨ, ਜੋ ਪੈਰਿਸ ਤੋਂ ਉਸੇ ਸਮੇਂ ਪੁੱਜਿਆ ਸੀ ਜਦੋਂ ਇਹ ਵੀਅਤਨਾਮ ਤੋਂ ਇਥੇ ਪੁੱਜੇ ਸਨ। ਵੱਡਾ ਭਰਾ ਉਸ ਨੂੰ ਟਰਾਲੀ ਬੈਗ ਦੇਣ ਬਾਅਦ ਏਅਰਪੋਰਟ ਤੋਂ ਖਿਸਕ ਗਿਆ। ਔਰਤ ਯਾਤਰੀ ਵੀ ਇਸ ਯੋਜਨਾ ਵਿੱਚ ਸ਼ਾਮਲ ਸੀ।