ਪਾਲ ਸਿੰਘ ਨੌਲੀ
ਜਲੰਧਰ, 20 ਜੁਲਾਈ
ਇਥੋਂ ਦੇ ਸੋਢਲ ਰੋਡ ’ਤੇ ਦੇਰ ਰਾਤ ਜੈਨ ਕਰਿਆਨਾ ਸਟੋਰ ਦੇ ਮਾਲਕ ਸਚਿਨ ਜੈਨ (32) ਨੂੰ ਲੁਟੇਰਿਆਂ ਨੇ ਗੋਲੀ ਮਾਰ ਦਿੱਤੀ, ਜਿਸ ਦੀ ਅੱਜ ਮੌਤ ਹੋ ਗਈ। ਕਮਿਸ਼ਨਰੇਟ ਦੇ ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਤਿੰਨ ਲੁਟੇਰਿਆਂ ਨੇ ਕਰਿਆਨਾ ਸਟੋਰ ਦੇ ਮਾਲਕ ਸਚਿਨ ਜੈਨ ਨੂੰ ਉਦੋਂ ਗੋਲੀ ਮਾਰੀ ਜਦੋਂ ਉਹ ਦੁਕਾਨ ਬੰਦ ਕਰਕੇ ਆਪਣੇ ਘਰ ਨੂੰ ਜਾਣ ਦੀ ਤਿਆਰੀ ਕਰ ਰਿਹਾ ਸੀ। ਤਿੰਨਾਂ ਲੁਟੇਰਿਆਂ ਦੇ ਚਿਹਰੇ ਢਕੇ ਹੋਏ ਸਨ। ਜ਼ਖਮੀ ਹੋਏ ਸਚਿਨ ਜੈਨ ਨੂੰ ਬਚਾਉਣ ਲਈ ਉਸ ਦੇ ਦੋਸਤ ਐਕਟਿਵਾ ’ਤੇ ਲੈ ਕੇ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਭਟਕਦੇ ਰਹੇ। ਚਾਰ ਨਿੱਜੀ ਹਸਪਤਾਲਾਂ ਨੇ ਇਹ ਕਹਿ ਕੇ ਦਾਖਲ ਨਹੀਂ ਕੀਤਾ ਕਿ ਇਹ ਪੁਲੀਸ ਕੇਸ ਹੈ। ਸਚਿਨ ਜੈਨ ਨੂੰ ਰਾਮਾ ਮੰਡੀ ਦੇ ਜੌਹਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਅੱਜ ਉਸ ਦੀ ਮੌਤ ਹੋ ਗਈ। ਜ਼ਖਮੀ ਹਾਲਤ ’ਚ ਸਚਿਨ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਅਨੁਸਾਰ ਲੁਟੇਰਿਆਂ ਨੇ ਉਸ ਕੋਲੋਂ ਪੈਸਿਆਂ ਦੀ ਮੰਗ ਕੀਤੀ ਸੀ। ਉਸ ਵੱਲੋਂ ਪੈਸੇ ਦੇਣ ਤੋਂ ਨਾਂਹ ਕਰਨ ’ਤੇ ਉਨ੍ਹਾਂ ਨੇ ਗੋਲੀ ਮਾਰ ਦਿੱਤੀ। ਮ੍ਰਿਤਕ ਦੇ ਪਿਤਾ ਤਰਸੇਮ ਲਾਲ ਜੈਨ ਨੇ ਦੱਸਿਆ ਕਿ ਸਚਿਨ ਦੇ ਦੋ ਪੁੱਤਰ ਹਨ, ਜਿਨ੍ਹਾਂ ਵਿਚੋਂ ਇਕ ਪੁੱਤਰ ਦੋ ਮਹੀਨੇ ਦਾ ਹੈ।
ਉਧਰ, ਕਮਿਸ਼ਨਰੇਟ ਪੁਲੀਸ ਨੇ ਅੱਜ ਵਾਰਦਾਤ ਦੇ 24 ਘੰਟਿਆਂ ਅੰਦਰ ਹੀ ਦੋ ਮੁਲਜ਼ਮਾਂ ਦੀ ਪਛਾਣ ਕਰਕੇ ਸੋਢਲ ਰੋਡ ਸਥਿਤ ਕਰਿਆਨਾ ਸਟੋਰ ਦੇ ਮਾਲਕ ਸਚਿਨ ਜੈਨ ਦੀ ਹੱਤਿਆ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਦੋਵਾਂ ਮੁਲਜ਼ਮਾਂ ਦੀ ਪਛਾਣ ਅਰਸ਼ਪ੍ਰੀਤ ਸਿੰਘ ਉਰਫ ਵੱਡਾ ਪ੍ਰੀਤ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਅਤੇ ਆਦਮਪੁਰ ਥਾਣੇ ਦੇ ਪਿੰਡ ਹਰੀਪੁਰ ਦੇ ਰਹਿਣ ਵਾਲੇ ਦੀਪਕ ਵਜੋਂ ਹੋਈ ਹੈ।ਇਸ ਸਬੰਧੀ ਡਿਪਟੀ ਕਮਿਸ਼ਨਰ ਪੁਲੀਸ ਗੁਰਮੀਤ ਸਿੰਘ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਕਿਸੇ ਵੀ ਸਮੇਂ ਸੰਭਵ ਹੋ ਸਕਦੀ ਹੈ।