ਜਸਬੀਰ ਸਿੰਘ ਚਾਨਾ
ਫਗਵਾੜਾ, 26 ਅਕਤੂਬਰ
ਪੰਜਾਬ ਬਸਪਾ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਦੋਸ਼ ਲਗਾਇਆ ਹੈ ਕਿ ਮੁਹੱਲਾ ਪੀਪਾਰੰਗੀ, ਸ਼ਾਮ ਨਗਰ ਤੇ ਸ਼ਿਵਪੁਰੀ ਵਿੱਚ ਦੂਸ਼ਿਤ ਪਾਣੀ ਫ਼ੈਲਣ ਨਾਲ ਪ੍ਰਸਾਸ਼ਨ ਦੋ ਮੌਤਾਂ ਦਾ ਦਾਅਵਾ ਕਰ ਰਿਹਾ ਹੈ ਉਹ ਪੂਰੀ ਤਰ੍ਹਾਂ ਗਲਤ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਇਲਾਕਿਆਂ ’ਚ 7 ਮੌਤਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਰਮਿਤਰਾ ਦੇਵੀ ਤੇ ਰਾਜ ਕੁਮਾਰ ਦੀਆਂ ਮੌਤਾਂ ਪੀ.ਜੀ.ਆਈ ’ਚ ਹੋਈਆਂ ਜਦਕਿ ਇਥੋਂ ਦੇ ਸਿਵਲ ਹਸਪਤਾਲ ਤੋਂ ਰੈੱਫ਼ਰ ਕੀਤੇ ਤੇ ਪ੍ਰਾਈਵੇਟ ਹਸਪਤਾਲਾਂ ’ਚ ਦਾਖ਼ਲ ਪੰਜ ਵਿਅਕਤੀਆਂ ਦੀ ਮੌਤ ਹੋਈ ਹੈ। ਜਿਨ੍ਹਾਂ ’ਚ ਪੀਪਾਰੰਗੀ ਤੋਂ ਮੋਹਨ ਲਾਲ, ਸੋਨੀ ਰਾਮ, ਰਾਜ ਮਣੀ ਤੇ ਸ਼ਾਮ ਨਗਰ ਤੋਂ ਗੁਰਜੀਤ ਸਿੰਘ ਸਮੇਤ ਕੁਲ 7 ਮੌਤਾਂ ਹੋਈਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਪਰਿਵਾਰ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀ ਤੇ 50-50 ਲੱਖ ਰੁਪਏ ਦੀ ਮੱਦਦ ਦਿੱਤੀ ਜਾਵੇ। ਇਸ ਮੌਕੇ ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਨਾ, ਝਿਰਮਲ ਸਿੰਘ ਭਿੰਡਰ, ਹਰਭਜਨ ਸਿੰਘ ਬਲਾਲੋਂ, ਇੰਦਰਜੀਤ ਸਿੰਘ ਬਸਰਾ ਸਮੇਤ ਕਈ ਆਗੂ ਸ਼ਾਮਲ ਸਨ। ਇਸ ਦੌਰਾਨ ਹੀ ਇਥੋਂ ਦੇ ਮੁਹੱਲਾ ਸ਼ਾਮ ਨਗਰ, ਪੀਪਾਰੰਗੀ ਤੇ ਸ਼ਿਵਪੁਰੀ ਵਿਖੇ ਗੰਦਾ ਪਾਣੀ ਪੀਣ ਨਾਲ ਬਿਮਾਰ ਹੋਏ ਮਰੀਜ਼ਾ ਤੇ ਪੀੜਤਾ ਦੇ ਪਰਿਵਾਰਾ ਨੂੰ ਨਾਲ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਆਗੂ ਜਰਨੈਲ ਨੰਗਲ ਦੀ ਅਗਵਾਈ ’ਚ ਏ.ਡੀ.ਸੀ ਦਫ਼ਤਰ ਦਾ ਘਿਰਾਓ ਕੀਤਾ ਤੇ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਤੇ ਬਿਮਾਰ ਹੋਏ ਲੋਕਾਂ ਦਾ ਮੁਫ਼ਤ ਇਲਾਜ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਡਾ. ਸੁਖਦੇਵ ਚੌਕੜੀਆਂ, ਜਤਿੰਦਰ ਮੋਹਨ, ਬਲਵੀਰ ਠਾਕੁਰ, ਬਲਰਾਜ ਬਾਊ, ਲਲਿਤ ਮਦਾਨ, ਸ਼ਸ਼ੀ ਬੰਗੜ, ਅਨਿਲ ਸ਼ਰਮਾ, ਰਾਜ ਕੁਮਾਰ, ਸਮਰ ਗੁਪਤਾ, ਡਾ. ਰਮੇਸ਼ ਪਵਨ, ਸ਼ਾਮ ਸੁੰਦਰ ਸਮੇਤ ਕਈ ਆਗੂ ਸ਼ਾਮਿਲ ਸਨ।
ਕਮਿਸ਼ਨਰ ਵੱਲੋਂ ਪ੍ਰਭਾਵਿਤ ਖੇਤਰਾਂ ਦਾ ਦੌਰਾ
ਫਗਵਾੜਾ(ਪੱਤਰ ਪ੍ਰੇਰਕ): ਗੰਦੇ ਪਾਣੀ ਕਾਰਨ ਪ੍ਰਭਾਵਿਤ ਹੋਏ ਇਲਾਕਿਆ ਦਾ ਅੱਜ ਇਥੋਂ ਦੇ ਨਗਰ ਨਿਗਮ ਕਮਿਸ਼ਨਰ ਚਰਨਦੀਪ ਸਿੰਘ ਨੇ ਦੌਰਾ ਕੀਤਾ ਤੇ ਪ੍ਰਭਾਵਿਤ ਖੇਤਰਾਂ ਅੰਦਰ ਘਰਾ ’ਚ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਸਿਹਤ ਵਿਭਾਗ, ਜਲ ਸਪਲਾਈ ਵਿਭਾਗ ਦੀਆਂ ਟੀਮਾਂ ਵਲੋਂ ਇਲਾਜ, ਪੀਣ ਵਾਲਾ ਪਾਣੀ ਸਪਲਾਈ ਬਾਰੇ ਗੱਲਬਾਤ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪੀਪਾ ਰੰਗੀ, ਸ਼ਾਮ ਨਗਰ ਤੇ ਸ਼ਿਵਪੁਰੀ ਤੋਂ ਸਿਹਤ ਵਿਗੜਨ ਕਾਰਨ ਹਸਪਤਾਲਾ ’ਚ ਦਾਖ਼ਲ ਹੋਏ ਕੁੱਲ 76 ਮਰੀਜ਼ਾ ’ਚੋਂ 66 ਨੂੰ ਬੀਤੀ 25 ਅਕਤੂਬਰ ਤੱਕ ਸਿਹਤਯਾਬੀ ਪਿਛੋਂ ਛੁੱਟੀ ਮਿਲ ਗਈ ਹੈ ਜਦਕਿ 7 ਇਲਾਜ ਅਧੀਨ ਹਨ ਤੇ 3 ਮਰੀਜ਼ਾ ਨੂੰ ਹੋਰਨਾਂ ਹਸਪਤਾਲਾ ’ਚ ਰੈੱਫ਼ਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲੀਕੇਜ ਦੇ ਸ਼ੱਕ ਕਾਰਨ ਪਾਣੀ ਦੇ 8 ਕੂਨੈਕਸ਼ਨਾ ਨੂੰ ਬੰਦ ਵੀ ਕਰਵਾਇਆ ਗਿਆ ਹੈ ਇਸ ਮੌਕੇ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ, ਸਤੀਸ਼ ਕੁਮਾਰ ਸੈਣੀ ਐਸ.ਈ, ਬਲਜਿੰਦਰ ਸਿੰਘ ਵਧੀਕ ਐਕਸੀਅਨ, ਬਲਰਾਜ ਐੱਸ.ਡੀ.ਓ, ਐਸ.ਡੀ.ਐਮ ਵਾਟਰ ਸਪਲਾਈ ਪ੍ਰਦੀਪ ਚੁਟਾਨੀ ਵੀ ਸ਼ਾਮਲ ਸਨ।