ਹਰਪ੍ਰੀਤ ਕੌਰ
ਹੁਸ਼ਿਆਰਪੁਰ, 17 ਅਪਰੈਲ
ਅਮਰੀਕਾ ਦੇ ਫੈੱਡਐੱਕਸ ਸੈਂਟਰ ਵਿੱਚ ਹੋਈ ਗੋਲੀਬਾਰੀ ਦੌਰਾਨ ਮਾਰੇ ਗਏ ਵਿਅਕਤੀਆਂ ’ਚ ਹੁਸ਼ਿਆਰਪੁਰ ਦੇ ਪਿੰਡ ਕੋਟਲਾ ਨੌਧ ਸਿੰਘ ਨਾਲ ਸਬੰਧਤ 70 ਸਾਲਾ ਜਸਵਿੰਦਰ ਸਿੰਘ ਵੀ ਸ਼ਾਮਲ ਹੈ। ਉਸ ਦੀ ਮੌਤ ਕਾਰਨ ਪਿੰਡ ਰਹਿੰਦਾ ਉਸ ਦਾ ਪਰਿਵਾਰ ਸਦਮੇ ’ਚ ਹੈ। ਜਸਵਿੰਦਰ ਦੇ ਪੁੱਤਰ ਜਤਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਕਰੀਬ ਅੱਠ ਸਾਲ ਪਹਿਲਾਂ ਉਸ ਦੇ ਵੱਡੇ ਭਰਾ ਗੁਰਵਿੰਦਰ ਕੋਲ ਅਮਰੀਕਾ ਗਿਆ ਸੀ। ਅੱਜ ਸਵੇਰੇ ਗੁਰਵਿੰਦਰ ਨੇ ਫੋਨ ਰਾਹੀਂ ਉਨ੍ਹਾਂ ਨੂੰ ਪਿਤਾ ਦੀ ਮੌਤ ਬਾਰੇ ਜਾਣਕਾਰੀ ਦਿੱਤੀ। ਜਤਿੰਦਰ ਨੇ ਦੱਸਿਆ ਕਿ ਉਸ ਦਾ ਪਿਤਾ ਹਾਲੇ ਹਫ਼ਤਾ ਕੁ ਪਹਿਲਾਂ ਹੀ ਉਥੇ ਕੰਮ ਕਰਨ ਲੱਗਿਆ ਸੀ। ਬੀਤੇ ਦਿਨ ਉਹ ਆਪਣੀ ਪਹਿਲੀ ਤਨਖਾਹ ਲੈਣ ਲਈ ਕੰਪਨੀ ਗਿਆ, ਜਿੱਥੇ ਕਿਸੇ ਨੇ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਚੇਤਨਪੁਰਾ (ਰਣਬੀਰ ਸਿੰਘ ਮਿੰਟੂ): ਅਮਰੀਕਾ ਦੇ ਫੈੱਡਐੱਕਸ ਸੈਂਟਰ ਵਿੱਚ ਬੀਤੇ ਦਿਨ ਹੋਏ ਹਮਲੇ ਦੌਰਾਨ ਅੱਠ ਜਣਿਆਂ ਦੀ ਮੌਤ ਅਤੇ ਪੰਜ ਗੰਭੀਰ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਵਿੱਚ ਅੰਮ੍ਰਿਤਸਰ ਦੇ ਪਿੰਡ ਜਗਦੇਵ ਕਲਾਂ ਦਾ ਹਰਪ੍ਰੀਤ ਸਿੰਘ ਗਿੱਲ ਵੀ ਸ਼ਾਮਲ ਹੈ। ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਗਿੱਲ ਲਗਪਗ 20 ਸਾਲ ਪਹਿਲਾਂ ਪਰਿਵਾਰ ਸਮੇਤ ਅਮਰੀਕਾ ਚਲਾ ਗਿਆ ਸੀ। ਉਹ ਬੀਤੇ ਦਿਨ ਕੰਮ ਲਈ ਸੈਂਟਰ ਫੈੱਡਐੱਕਸ ਸੈਂਟਰ ਗਿਆ, ਜਿੱਥੇ ਇੱਕ ਵਿਅਕਤੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਇੱਕ ਗੋਲੀ ਉਸ ਦੇ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਹਰਪ੍ਰੀਤ ਸਿੰਘ ਦਾ ਪਿੰਡ ਵਿੱਚ ਕੋਈ ਵੀ ਰਿਸ਼ਤੇਦਾਰ ਨਹੀਂ ਹੈ। ਪਿੰਡ ਦੇ ਨੰਬਰਦਾਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਖ਼ਤਰੇ ਤੋਂ ਬਾਹਰ ਹੈ।