ਰਮੇਸ਼ ਭਾਰਦਵਾਜ
ਲਹਿਰਾਗਾਗਾ,17 ਅਪਰੈਲ
ਇਥੇ ਰਿਲਾਇੰਸ ਪੈਟਰੋਲ ਪੰਪ ’ਤੇ ਕਾਲੇ ਕਾਨੂੰਨਾਂ ਖਿਲਾਫ਼ ਲਗਾਤਾਰ 199ਵੇਂ ਦਿਨ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ’ਚ ਧਰਨਾ ਜਾਰੀ ਰਿਹਾ। ਇਸ ਦੇ ਨਾਲ ਹੀ ਅਨਾਜ ਮੰਡੀਆਂ ’ਚ ਕਣਕ ਦੀ ਵਿਕਰੀ ਤੇ ਭਰਾਈ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਦੀ ਅਗਵਾਈ ’ਚ ਸੈਂਕੜੇ ਔਰਤਾਂ ਅਤੇ ਮਰਦਾਂ ਨੇ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂ ਹਰਜਿੰਦਰ ਸਿੰਘ ਨੰਗਲਾ, ਰਾਮ ਸਿੰਘ ਨੰਗਲਾ, ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ, ਸ਼ਿਵਰਾਜ ਸਿੰਘ ਗੁਰਨੇ ਕਲਾਂ, ਰਾਮਚੰਦ ਸਿੰਘ ਚੋਟੀਆਂ, ਬਿੰਦਰ ਸਿੰਘ ਖੋਖਰ , ਭੋਲਾ ਸਿੰਘ ਭੁਟਾਲ ,ਰਾਮ ਸਿੰਘ ਨੰਗਲਾ, ਜਸ਼ਨਦੀਪ ਕੌਰ ਪਿਸ਼ੌਰ, ਜਸਵਿੰਦਰ ਕੌਰ ਗਾਗਾ ਨੇ ਐੱਸਡੀਐੱਮ ਦਫ਼ਤਰ ਅੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗੇ ਪਏ ਹਨ ਪਰ ਮੰਡੀਆਂ ਚ ਸਰਕਾਰੀ ਖਰੀਦ ਨਾਂ ਮਾਤਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਥਾਂ ਥੋੜੀ ਬਹੁਤੀ ਬੋਲੀ ਲੱਗੀ ਵੀ ਹੈ ਉਥੇ ਬਾਰਦਾਨੇ ਦਾ ਕੋਈ ਪ੍ਰਬੰਧ ਨਹੀਂ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਫਸਲ ਦੀ ਬਣਦੀ ਪੂਰੀ ਰਕਮ ਕਣਕ ਵਿਕਣ ਦੇ ਤੁਰੰਤ ਹੀ ਰਕਮ ਦਾ ਭੁਗਤਾਨ ਕਿਸਾਨਾਂ ਨੂੰ ਕੀਤਾ ਜਾਵੇ।ਉਧਰ ਐੱਸਡੀਐੱਮ ਪ੍ਰਮੋਦ ਸਿੰਗਲਾ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਬਾਰਦਾਨੇ ਦੀ ਸਮੱਸਿਆਂ ਪੂਰੇ ਪੰਜਾਬ ’ਚ ਹੈ ਅਤੇ ਬਾਕੀ ਸਾਰੇ ਖਰੀਦ ਅਧਿਕਾਰੀਆਂ ਨੂੰ ਕਣਕ ਦੀ ਖਰੀਦ ਕਰਨ ਦੀ ਸਖ਼ਤ ਹਿਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅੱਜ ਬਿਮਾਰੀ ਕਰਕੇ ਛੁੱਟੀ ਦੇ ਬਾਵਜ਼ੂਦ ਡੀਸੀ ਸੰਗਰੂਰ ਨਾਲ ਗੱਲ ਕੀਤੀ ਹੈ ਅਤੇ ਅੱਜ ਸ਼ਾਮ ਤੱਕ 100 ਗੱਠਾਂ ਦਾ ਟਰੱਕ ਪਹੁੰਚਣ ਦੀ ਆਸ ਹੈ। ਨਾਇਬ ਤਹਿਸੀਲਦਾਰ ਮਨਜੀਤ ਸਿੰਘ ਅਤੇ ਏਐੱਫਐੱਸਓ ਹਰਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਪਰ ਕਿਸਾਨਾਂ ਨੇ ਭਰੋਸੇ ’ਤੇ ਅਹਿਸਹਿਮਤੀ ਪ੍ਰਗਟ ਕਰਦਿਆਂ ਲਹਿਰਾਗਾਗਾ-ਸੁਨਾਮ ਮੁੱਖ ਸੜਕ ਜਾਮ ਲਾ ਦਿੱਤਾ ਹੈ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ):ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਨੇੜਲੇ ਪਿੰਡ ਘਰਾਚੋਂ ਦੀ ਅਨਾਜ ਮੰਡੀ ਵਿੱਚ ਕਣਕ ਦੀ ਖਰੀਦ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਪਿੰਡ ਇਕਾਈ ਦੇ ਮੀਤ ਪ੍ਰਧਾਨ ਰਘਵੀਰ ਸਿੰਘ ਘਰਾਚੋਂ ਦੀ ਅਗਵਾਈ ਵਿੱਚ ਭਵਾਨੀਗੜ੍ਹ-ਸੁਨਾਮ ਮੁੱਖ ਮਾਰਗ ’ਤੇ ਤਿੰਨ ਘੰਟੇ ਜਾਮ ਲਗਾਇਆ ਗਿਆ। ਇਸ ਮੌਕੇ ਯੂਨੀਅਨ ਦੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ , ਸੂਬਾ ਆਗੂ ਜਗਤਾਰ ਸਿੰਘ ਕਾਲਾਝਾੜ ,ਬਲਾਕ ਆਗੂ ਹਰਜੀਤ ਸਿੰਘ ਮਹਿਲਾਂ ਅਤੇ ਹਰਜਿੰਦਰ ਸਿੰਘ ਘਰਾਚੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਰੀਆਂ ਸਰਕਾਰਾਂ ਕਿਸਾਨਾਂ ਨੂੰ ਬਰਬਾਦ ਕਰਨ ’ਤੇ ਲੱਗੀਆਂ ਹਨ ਅਤੇ ਕਾਰਪੋਰੇਟ ਘਰਾਣਿਆਂ ਦੇ ਘਰ ਭਰਨ ਤੋਂ ਇਲਾਵਾ ਕੇਂਦਰ ਸਰਕਾਰ ਦੇ ਬਣਾਏ ਕਾਲੇ ਕਾਨੂੰਨਾਂ ਅੰਦਰਖਾਤੇ ਲਾਗੂ ਕਰਾਉਣ ’ਚ ਲੱਗੀਆਂ ਹਨ ।ਉਨ੍ਹਾਂ ਕਿਹਾ ਕਿ ਸਰਕਾਰ ਜਾਣਬੁਝਕੇ ਕਿਸਾਨਾਂ ਨੂੰ ਮੰਡੀਆਂ ਵਿੱਚ ਉਲਝਾ ਕੇ ਦਿੱਲੀ ਮੋਰਚੇ ਨੂੰ ਕਮਜ਼ੋਰ ਕਰਨ ਦੀ ਚਾਲ ਚੱਲ ਰਹੀ ਹੈ, ਪਰ ਅਜਿਹੀ ਚਾਲ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਧਰਨੇ ਨੂੰ ਰਾਜੇਵਾਲ ਗਰੁੱਪ ਦੇ ਬਲਾਕ ਪ੍ਰਧਾਨ ਦਰਬਾਰਾ ਸਿੰਘ ਨਾਗਰਾ ਨੇ ਵੀ ਸੰਬੋਧਨ ਕੀਤਾ। ਇਸੇ ਦੌਰਾਨ ਰਾਜੇਸ਼ ਆਹੂਜਾ ਨਾਇਬ ਤਹਿਸੀਲਦਾਰ ਭਵਾਨੀਗੜ੍ਹ ਅਤੇ ਸੁਖਰਾਜ ਸਿੰਘ ਘੁੰਮਣ ਡੀਐੱਸਪੀ ਭਵਾਨੀਗੜ੍ਹ ਨੇ ਧਰਨੇ ਵਿੱਚ ਪਹੁੰਚਕੇ ਕੱਲ੍ਹ ਸ਼ਾਮ ਤੱਕ ਭਵਾਨੀਗੜ੍ਹ ਬਲਾਕ ਦੀਆਂ ਸਾਰੀਆਂ ਮੰਡੀਆਂ ਵਿੱਚ ਬਾਰਦਾਨਾ ਭੇਜਣ ਦਾ ਭਰੋਸਾ ਦਿੱਤਾ ਅਤੇ ਅਨਾਜ ਮੰਡੀ ਘਰਾਚੋਂ ਵਿਖੇ 15 ਹਜ਼ਾਰ ਬੋਰੀ ਮੰਗਵਾ ਕੇ ਧਰਨਾ ਸਮਾਪਤ ਕੀਤਾ ਗਿਆ।
ਧੂਰੀ(ਨਿੱਜੀ ਪੱਤਰ ਪ੍ਰੇਰਕ): ਮਾਰਕਿਟ ਕਮੇਟੀ ਧੂਰੀ ਅਧੀਨ ਖਰੀਦ ਕੇਂਦਰਾਂ ਅਤੇ ਅਨਾਜ ਮੰਡੀ ਧੂਰੀ ’ਚ ਕਣਕ ਦੀ ਆਮਦ ਵਿੱਚ ਤੇਜੀ ਆਈ ਹੈ ਅਤੇ ਮੰਡੀ ਨੱਕੋ-ਨੱਕ ਭਰ ਗਈ ਹੈ, ਪਰ ਪਿਛਲੇ ਦੋ ਦਿਨਾਂ ਤੋਂ ਬੋਲੀ ਹੋਣ ਉਪਰੰਤ ਅੱਜ ਅਨਾਜ ਮੰਡੀ ਧੂਰੀ ਵਿੱਚ ਕੋਈ ਬਾਰਦਾਨਾ ਨਹੀ ਹੈ। ਸਿਰਫ ਕਿਸਾਨ ਹੀ ਫ਼ਸਲ ਲੈ ਕੇ ਅਨਾਜ ਮੰਡੀਆਂ ਵਿੱਚ ਬੈਠੇ ਹਨ। ਮੰਡੀਆਂ ਵਿੱਚ ਲੇਬਰ ਦੀ ਘਾਟ ਕਾਰਨ ਲੋਕ ਖੱਜਲ ਖੁਆਰ ਹੋ ਰਹੇ ਹਨ।
ਕਿਸਾਨਾਂ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਸ਼ਾਦੀਹਰੀ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਦਿੜ੍ਹਬਾ ਦੀ ਅਨਾਜ ਮੰਡੀ ਵਿੱਚ ਕਣਕ ਦੀ ਖ਼ਰੀਦ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਬਾਰਦਾਨੇ ਦੀ ਘਾਟ ਪੂਰੀ ਕਰਕੇ ਤੁਰੰਤ ਕਣਕ ਦੀ ਖ਼ਰੀਦ ਕਰਨ ਦੀ ਮੰਗ ਕੀਤੀ।ਇਸ ਮੌਕੇ ਯੂਨੀਅਨ ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਸ਼ਾਦੀਹਰੀ ਨੇ ਦੱਸਿਆ ਕਿ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨ ਡਾਢੇ ਪਰੇਸ਼ਾਨ ਹਨ।ਉਹਨਾਂ ਕਿਹਾ ਕਿ ਕਣਕ ਦੀ ਖ਼ਰੀਦ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ 18 ਅਪਰੈਲ ਨੂੰ ਐਸਡੀਐਮ ਦਫ਼ਤਰ ਦਿੜ੍ਹਬਾ ਵਿਖੇ ਰੋਸ਼ ਧਰਨਾ ਦਿੱਤਾ ਜਾਵੇਗਾ।ਇਸ ਮੌਕੇ ਸੀਨੀਅਰ ਆਗੂ ਮਲਕੀਤ ਸਿੰਘ ਤੂਰਬੰਨਜਾਰਾ, ਹਰਬੰਸ ਸਿੰਘ ਦਿੜ੍ਹਬਾ, ਸਤਨਾਮ ਸਿੰਘ ਦਿੜ੍ਹਬਾ, ਧਨ ਸਿੰਘ ਦਿੜ੍ਹਬਾ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।