ਪੱਤਰ ਪ੍ਰੇਰਕ
ਚੇਤਨਪੁਰਾ, 12 ਅਗਸਤ
ਪਿੰਡ ਤੇੜਾ ਕਲਾਂ ਦੇ ਇੱਕ ਕਿਸਾਨ ਪਲਵਿੰਦਰ ਸਿੰਘ ਦੀਆਂ ਤਿੰਨ ਗਊਆਂ ਦੀ ਲੰਪੀ ਸਕਿਨ ਕਾਰਨ ਇਕੱਠਿਆਂ ਹੀ ਮੌਤ ਹੋ ਗਈ ਹੈ, ਜਦਕਿ 7-8 ਦੇ ਕਰੀਬ ਉਸ ਦੀਆਂ ਹੋਰ ਗਊਆਂ ਇਸ ਬਿਮਾਰੀ ਨਾਲ ਪੀੜਤ ਹਨ। ਇਸ ਕਾਰਨ ਉਸ ਦਾ ਤਿੰਨ ਲੱਖ ਤੋਂ ਵਧੇਰੇ ਦਾ ਨੁਕਸਾਨ ਹੋ ਚੁੱਕਾ ਹੈ। ਇਸ ਪਿੰਡ ਵਿੱਚ ਬਿਮਾਰੀ ਨਾਲ ਕਈ ਗਊਆਂ ਦੀ ਮੌਤ ਹੋ ਚੁੱਕੀ ਹੈ। -ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਇਸ ਬਿਮਾਰੀ ਨਾਲ ਇਸ ਪਿੰਡ ਦੇ ਕਈ ਲੋਕਾਂ ਦੀਆਂ ਗਊਆਂ ਦੀ ਇਸ ਬਿਮਾਰੀ ਦੀ ਲਪੇਟ ਵਿੱਚ ਆ ਕੇ ਮੌਤ ਹੋ ਚੁੱਕੀ ਹੈ ਪਰ ਅਜੇ ਤਕ ਡਾਕਟਰਾਂ ਦੀ ਟੀਮ ਵੱਲੋਂ ਇਸ ਪਿੰਡ ਦਾ ਦੌਰਾ ਨਹੀਂ ਕੀਤਾ ਗਿਆ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਗਊਆਂ ਦੇ ਮਰਨ ਨਾਲ ਹੋ ਰਹੇ ਨੁਕਸਾਨ ਦੀ ਪੂਰਤੀ ਲਈ ਜਲਦ ਤੋਂ ਜਲਦ ਮੁਆਵਜ਼ੇ ਦਾ ਐਲਾਨ ਕੀਤਾ ਜਾਵੇ।
ਪਿੰਡਾਂ ’ਚ ਗਊਆਂ ਨੂੰ ਦੇਖ ਰਹੀਆਂ ਨੇ ਟੀਮਾਂ: ਵੈਟਰਨਰੀ ਅਫ਼ਸਰ
ਸੀਨੀਅਰ ਵੈਟਰਨਰੀ ਅਫ਼ਸਰ ਅਜਨਾਲਾ ਮੁਨੀਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਵੈਟਰਨਰੀ ਟੀਮਾਂ ਵੱਲੋ ਇਸ ਮਹਾਮਾਰੀ ਨਾਲ ਨਜਿੱਠਣ ਲਈ ਪਿੰਡ-ਪਿੰਡ ਜਾ ਕੇ ਗਊਂਆਂ ਨੂੰ ਵੇਖਿਆ ਜਾ ਰਿਹਾ ਹੈ ਤੇ ਮਹਿਕਮੇ ਵੱਲੋਂ ਜੋ ਦਵਾਈ ਦਿੱਤੀ ਜਾ ਰਹੀ ਹੈ, ਉਸ ਨੂੰ ਪਸ਼ੂਆਂ ਦੇ ਲਾਇਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਬਿਮਾਰੀ ਨਾਲ ਮਰਨ ਵਾਲੀਆਂ ਗਾਵਾਂ ਨੂੰ ਸਿਰਫ ਦਫਨਾਇਆ ਜਾਵੇ।
ਬਿਮਾਰੀ ਨਾਲ ਨਜਿੱਠਣ ਲਈ ਵਿਭਾਗ ਕੋਲ ਡਾਕਟਰਾਂ ਦੀ ਘਾਟ
ਤਰਨ ਤਾਰਨ (ਪੱਤਰ ਪ੍ਰੇਰਕ): ਪਸ਼ੂਆਂ ’ਚ ਫੈਲੀ ਲੰਪੀ ਸਕਿਨ ਦੀ ਬਿਮਾਰੀ ਨੇ ਜਿਥੇ ਕਿਸਾਨਾਂ ਦੀ ਹਾਲਤ ਹੋਰ ਦਰਦਨਾਕ ਬਣਾ ਕੇ ਰੱਖ ਦਿੱਤੀ ਹੈ, ਉਥੇ ਪਸ਼ੂ ਪਾਲਣ ਵਿਭਾਗ ਦੀਆਂ ਅਨੇਕਾਂ ਖਾਮੀਆਂ ਨੂੰ ਵੀ ਜੱਗ ਜ਼ਾਹਰ ਕੀਤਾ ਹੈ| ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਆਰਪੀ ਸਿੰਘ ਨੇ ਇਥੇ ਦੱਸਿਆ ਕਿ ਜ਼ਿਲ੍ਹੇ ਦੇ 1517 ਪਸ਼ੂਆਂ ਨੂੰ ਇਸ ਬਿਮਾਰੀ ਦੀ ਲਾਗ ਲੱਗੀ ਹੈ| 84 ਪਸ਼ੂ ਮਾਰੇ ਜਾ ਚੁੱਕੇ ਹਨ| ਦੂਜੇ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਤਜਿੰਦਰਪਾਲ ਸਿੰਘ ਰਾਜੂ ਨੇ ਇਨ੍ਹਾਂ ਸਰਕਾਰੀ ਅੰਕੜਿਆਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਇਹ ਗਿਣਤੀ ਕਿਤੇ ਵਧੇਰੇ ਹੈ| ਵਿਭਾਗ ਵਲੋਂ ਸਾਰੇ ਪਿੰਡਾਂ ਤੱਕ ਅੰਕੜੇ ਇਕੱਤਰ ਕਰਨ ਲਈ ਪਹੁੰਚ ਹੀ ਨਹੀਂ ਕੀਤੀ ਜਾ ਸਕੀ| ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਵੈਟਰਨਰੀ ਡਾਕਟਰਾਂ ਦੀਆਂ ਕੁੱਲ 65 ਮਨਜ਼ੂਰ ਅਸਾਮੀਆਂ ਵਿੱਚੋਂ 26 ਅਸਾਮੀਆਂ ਖਾਲੀ ਹਨ| ਇਸ ਦੇ ਨਾਲ ਹੀ ਵੈਟਰਨਰੀ ਇੰਸਪੈਕਟਰਾਂ ਦੀਆਂ ਮਨਜ਼ੂਰ 71 ਪੋਸਟਾਂ ਵਿੱਚੋਂ 20 ਖਾਲੀ ਹਨ| ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਨੇ ਸੰਪਰਕ ਕਰਨ ’ਤੇ ਕੋਈ ਹੁੰਗਾਰਾ ਨਹੀਂ ਦਿੱਤਾ| ਇਕ ਪਸ਼ੂ ਪਾਲਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਿਮਾਰੀ ਨਾਲ ਪਸ਼ੂਆਂ ਦੇ ਮਾਰੇ ਜਾਣ ਨਾਲ ਪਸ਼ੂ ਪਾਲਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ|