ਪੱਤਰ ਪ੍ਰੇਰਕ
ਦਸੂਹਾ, 12 ਅਗਸਤ
ਚੋਲਾਂਗ ਟੌਲ ਪਲਾਜ਼ਾ ਦੇ ਅਧਿਕਾਰੀਆਂ ਵੱਲੋਂ ਹਲਕਾ ਦਸੂਹਾ ਦੇ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਨਾਲ ਕੀਤੀ ਕਥਿਤ ਬਦਸਲੂਕੀ ਮਗਰੋਂ ਉਪ ਮੰਡਲ ਮੈਜਿਸਟ੍ਰੇਟ ਹਰਬੰਸ ਸਿੰਘ (ਪੀ.ਸੀ.ਐੱਸ) ਵੱਲੋਂ ਟੌਲ ਪਲਾਜ਼ਾ ਪ੍ਰਤੀ ਸਖਤ ਰੁਖ ਅਖਤਿਆਰ ਕਰਦਿਆਂ ਟੌਲ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਸਬੰਧੀ ਟੌਲ ਅਧਿਕਾਰੀਆਂ ਨਾਲ ਕੀਤੀ ਬੈਠਕ ਦੌਰਾਨ ਐੱਸਡੀਐੱਮ ਨੇ ਦੱਸਿਆ ਕਿ ਉਨ੍ਹਾਂ ਨੂੰ ਚੋਲਾਂਗ ਟੌਲ ਪਲਾਜ਼ਾ ਦੇ ਕਰਮਚਾਰੀਆਂ ਦੇ ਗਲਤ ਵਤੀਰੇ ਦੀਆਂ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਹਨ, ਜਦੋਂਕਿ ਕਈ ਜਥੇਬੰਦੀਆਂ ਵੱਲੋਂ ਇਸ ਸਬੰਧੀ ਮੰਗ ਪੱਤਰ ਵੀ ਸੌਂਪੇ ਗਏ ਹਨ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਐਮਰਜੈਂਸੀ ਲਾਈਨ 24 ਘੰਟੇ ਚਾਲੂ ਰੱਖਿਆ ਜਾਵੇ ਤਾਂ ਜੋ ਐਂਬੂਲੈਂਸ, ਡਿਫੈਂਸ ਅਤੇ ਵੀ.ਆਈ.ਪੀ. ਨੂੰ ਐਮਰਜੈਂਸੀ ’ਚ ਟੌਲ ਪਲਾਜ਼ਾ ਪਾਰ ਕਰਨ ਲੱਗਿਆ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਉਨ੍ਹਾਂ ਆਮ ਲੋਕਾਂ ਨਾਲ ਚੰਗਾ ਵਰਤਾਰਾ ਅਪਣਾਉਣ ਅਤੇ ਕਾਇਦੇ ਮੁਤਾਬਕ ਹੀ ਟੌਲ ਵਸੂਲਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਟੌਲ ਕਰਮਚਾਰੀਆਂ ਤੋਂ ਇਲਾਵਾ ਹੋਰ ਕੋਈ ਵੀ ਅਣਪਛਾਤਾ ਵਿਅਕਤੀ ਬੈਰੀਗੇਡ ’ਤੇ ਮੌਜੂਦ ਨਹੀਂ ਹੋਣਾ ਚਾਹੀਦਾ। ਇਸ ਮੌਕੇ ਟੌਲ ਮੈਨੇਜਰ ਮੁਬਾਰਕ ਅਲੀ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਹਰਵਿੰਦਰਪਾਲ ਸਿੰਘ ਪੀ.ਆਰ.ਓ. ਅਤੇ ਹੋਰ ਟੌਲ ਮੁਲਾਜ਼ਮ ਮੌਜੂਦ ਸਨ।