ਬੇਅੰਤ ਸਿੰਘ ਸੰਧੂ
ਪੱਟੀ, 17 ਅਪਰੈਲ
ਅੱਜ ਦੇਰ ਸ਼ਾਮ ਇਲਾਕੇ ਅੰਦਰ ਹੋਈ ਤੇਜ਼ ਬਾਰਸ਼ ਤੇ ਗੜੇਮਾਰੀ ਨਾਲ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ। ਅੱਜ ਭਾਰੀ ਮੀਂਹ ਪੈਣ ਕਾਰਨ ਪੱਟੀ ਅਨਾਜ ਮੰਡੀ ਦੀਆਂ ਸੜਕਾਂ ’ਤੇ ਪਾਣੀ ਖੜ੍ਹ ਗਿਆ ਅਤੇ ਦਾਣਾ ਮੰਡੀ ਵਿਚ ਸ਼ੈੱਡ ਤੋਂ ਬਾਹਰ ਪਈ ਕਣਕ ਤੇਜ਼ ਮੀਂਹ ਕਾਰਨ ਪੂਰੀ ਤਰ੍ਹਾਂ ਭਿੱਜ ਗਈ।
ਇਸ ਸਬੰਧੀ ਮੰਡੀ ਵਿਚ ਹਾਜ਼ਰ ਕਿਸਾਨਾਂ ਨੇ ਦੱਸਿਆ ਕਿ ਭਾਵੇਂ ਪੱਟੀ ਅਨਾਜ ਮੰਡੀ ’ਤੇ ਕਰੋੜਾਂ ਰੁਪਏ ਖ਼ਰਚ ਕਰ ਕੇ ਨਵੀਨੀਕਰਨ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਨਾਜ ਮੰਡੀ ਵਿਚ ਸ਼ੈੱਡ ਦੀ ਸਮਰੱਥਾ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਇਸ ਕਾਰਨ ਅੱਜ ਸੈਂਕੜੇ ਕਿਸਾਨਾਂ ਦੀ ਫ਼ਸਲ ਮੀਂਹ ਕਾਰਨ ਖ਼ਰਾਬ ਹੋ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ ਬੋਰਡ ਕੋਲ ਕਿਸਾਨਾਂ ਦੀ ਜਿਣਸ ਨੂੰ ਮੀਂਹ ਦੀ ਮਾਰ ਤੋਂ ਬਚਾਉਣ ਲਈ ਤਰਪਾਲਾਂ ਤਕ ਦਾ ਪ੍ਰਬੰਧ ਨਹੀਂ ਹੈ। ਕਿਸਾਨਾਂ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਹੁਣ ਭਿੱਜੀ ਹੋਈ ਕਣਕ ਦੀ ਖ਼ਰੀਦ ਵਿੱਚ ਰੁਕਾਵਟ ਪਵੇਗੀ। ਇਸ ਕਾਰਨ ਕੁਝ ਕਿਸਾਨਾਂ ਨੇ ਮੰਡੀ ਵਿਚੋਂ ਕਣਕ ਘਰ ਲਿਜਾਣ ਲਈ ਟਰਾਲੀਆਂ ’ਚ ਭਰਨੀ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਕਣਕ ਦੀ ਖ਼ਰੀਦ ਵਿਚ ਤੇਜ਼ੀ ਲਿਆਂਦੀ ਜਾਵੇ।
ਕਾਦੀਆਂ (ਮਕਬੂਲ ਅਹਿਮਦ): ਮੰਡੀਆਂ ’ਚ ਬਾਰਦਾਨੇ ਦੀ ਘਾਟ ਕਾਰਨ ਕਿਸਾਨਾਂ ਦੀ ਕਣਕ ਮੀਂਹ ਦੀ ਭੇਟ ਚੜ੍ਹ ਗਈ। ਪਿੰਡ ਬਸਰਾਂਵਾ ਦੇ ਕਿਸਾਨ ਸਿਕੰਦਰ ਸਿੰਘ ਨੇ ਦੱਸਿਆ ਕਿ ਉਹ ਕੱਲ੍ਹ ਮੰਡੀ ’ਚ ਕਣਕ ਵੇਚਣ ਲਈ ਆਇਆ ਸੀ ਪਰ ਬਾਰਦਾਨਾ ਨਾ ਹੋਣ ਕਾਰਨ ਉਸ ਦੀ ਜਿਣਸ ਖ਼ਰੀਦੀ ਨਹੀਂ ਜਾ ਸਕੀ। ਉਸ ਨੇ ਦੱਸਿਆ ਕਿ ਮੰਡੀ ’ਚ ਕਣਕ ਖੁੱਲੇ ਆਸਮਾਨ ਹੇਠ ਪਈ ਹੈ। ਅੱਜ ਮੀਂਹ ਆਉਣ ’ਤੇ ਤਰਪਾਲਾਂ ਦੀ ਘਾਟ ਹੋਣ ਕਾਰਨ ਉਸ ਦੀ ਕਣਕ ਭਿੱਜ ਗਈ। ਆੜ੍ਹਤੀਏ ਨੇ ਵੀ ਤਰਪਾਲ ਲਈ ਉਸ ਦੀ ਮਦਦ ਤੋਂ ਜਵਾਬ ਦੇ ਦਿੱਤਾ।
ਇਸੇ ਤਰ੍ਹਾਂ ਕਿਸਾਨ ਜਸਵੰਤ ਸਿੰਘ ਪਿੰਡ ਸਲਾਹਪੁਰ ਨੇ ਦੱਸਿਆ ਕਿ ਮੀਂਹ ਕਾਰਨ ਉਸ ਦੀ ਕਣਕ ਵੀ ਮੰਡੀ ’ਚ ਭਿੱਜੀ ਗਈ ਹੈ। ਉਸ ਨੇ ਕਿਹਾ ਕਿ ਇੱਕ ਪਾਸੇ ਜਿੱਥੇ ਬਾਰਦਾਨੇ ਦੀ ਘਾਟ ਹੈ, ਉੱਥੇ ਹੀ ਮੀਂਹ ਵਿਚ ਕਣਕ ਢਕਣ ਲਈ ਤਰਪਾਲਾਂ ਦੀ ਵੀ ਘਾਟ ਹੈ। ਬੋਰੀਆਂ ਵਿਚ ਭਰੀ ਕਣਕ ਵੀ ਮੀਂਹ ਦੀ ਭੇਟ ਚੜ੍ਹ ਗਈ ਹੈ। ਅੱਜ ਪਏ ਮੀਂਹ ਕਾਰਨ ਇਲਾਕੇ ਵਿਚ ਕਣਕ ਦਾ ਕਾਫ਼ੀ ਨੁਕਸਾਨ ਹੋਇਆ ਹੈ। ਕਿਸਾਨ ਕੁਲਵੰਤ ਸਿੰਘ, ਬਾਵਾ ਸਿੰਘ, ਅਵਤਾਰ ਸਿੰਘ, ਅਹਿਮਦ, ਦਾਊਦ, ਜੋਗਿੰਦਰ ਸਿੰਘ ਆਦਿ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਲੈਣ ਲਈ ਜਦੋਂ ਸਬੰਧਿਤ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਹ ਮੰਡੀ ਵਿਚ ਮੌਜੂਦ ਨਹੀਂ ਸਨ।
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਇਲਾਕੇ ਵਿੱਚ ਅੱਜ ਸ਼ਾਮ ਨੂੰ ਹੋਈ ਬਰਸਾਤ ਨਾਲ ਮੰਡੀਆਂ ਵਿੱਚ ਪਹੁੰਚੀ ਕਣਕ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਖੇਤਾਂ ਵਿੱਚ ਖੜ੍ਹੀ ਕਣਕ ਨੂੰ ਵੀ ਨੁਕਸਾਨ ਪੁੱਜਾ ਹੈ। ਮੀਂਹ ਪੈਣ ਨਾਲ ਧਾਰੀਵਾਲ ਦਾਣਾ ਮੰਡੀ ਵਿੱਚ ਕਣਕ ਦੀਆਂ ਢੇਰੀਆਂ ਤੇ ਕਣਕ ਦੀਆਂ ਭਰੀਆਂ ਬੋਰੀਆਂ ਭਿੱਜ ਗਈਆਂ ਤੇ ਕੁੱਝ ਢੇਰੀਆਂ ਤਰਪਾਲਾਂ ਨਾਲ ਢੱਕੀਆਂ ਹੋਈਆਂ ਸਨ। ਪਿੱਛਲੇ ਦੋ ਦਿਨ ਤੋਂ ਹੋ ਰਹੀ ਬਦਵਾਈ ਨੂੰ ਦੇਖਦੇ ਹੋਏ ਕਿਸਾਨਾਂ ਵਲੋਂ ਕਣਕ ਦੀ ਕਟਾਈ ਪੂਰੇ ਜ਼ੋਰਾਂ ’ਤੇ ਚੱਲ ਰਹੀ ਸੀ ਅਤੇ ਪਰ ਮੀਂਹ ਕਾਰਨ ਸਾਰੇ ਕੰਮ ਠੱਪ ਹੋ ਗਏ ਹਨ। ਕਿਸਾਨ ਹਰਭਜਨ ਸਿੰਘ ਤਲਵੰਡੀ ਦਾ ਕਹਿਣਾ ਹੈ ਕਿ ਹੁਣ ਰਹਿੰਦੀ ਕਣਕ ਦੀ ਕਟਾਈ ਕਰੀਬ ਚਾਰ ਦਿਨ ਤੱਕ ਹੋਣੀ ਸੰਭਵ ਨਹੀਂ ਹੈ।
ਭੁਲੱਥ (ਦਲੇਰ ਸਿੰਘ ਚੀਮਾ): ਅੱਜ ਸਵੇਰ ਤੋਂ ਹੀ ਬੱਦਲਵਾਈ ਤੇ ਦੁਪਹਿਰ ਵੇਲੇ ਤੱਕ ਪਏ ਮੀਂਹ ਨੇ ਕਿਸਾਨਾਂ ਦੇ ਹਾੜ੍ਹੀ ਦੀ ਫ਼ਸਲ ਸਾਂਭਣ ਨੂੰ ਲਗਪਗ ਅਗਲੇ ਦੋ-ਤਿੰਨ ਦਿਨਾਂ ਤੱਕ ਰੋਕ ਦਿੱਤਾ ਹੈ। ਭੁਲੱਥ ਸਬ-ਡਿਵੀਜ਼ਨ ਦੀਆਂ ਅੱਠ ਮੰਡੀਆਂ ਵਿੱਚ ਖ਼ਰੀਦ ਗਈ ਕਣਕ ਤੇ ਖ਼ਰੀਦ ਲਈ ਲੱਗੀਆਂ ਹੋਈਆਂ ਢੇਰੀਆਂ ਮੀਂਹ ਪੈਣ ਕਾਰਨ ਨੁਕਸਾਨੀਆਂ ਗਈਆਂ। ਇਸ ਮੀਂਹ ਕਾਰਨ ਤੂੜੀ ਬਣਾਉਣ ਤੇ ਕਟਾਈ ਕਰਨ ਵਾਲੀਆਂ ਕੰਬਾਈਨਾਂ ਦਾ ਕੰਮ ਪੂਰੀ ਤਰ੍ਹਾਂ ਨਾਲ ਰੁਕ ਗਿਆ ਹੈ। ਕਿਸਾਨ ਲੰਬੜਦਾਰ ਜਸਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਉਸ ਦੀ ਅੱਧੀ ਕਣਕ ਵੱਢੀ ਗਈ ਸੀ। ਮੀਂਹ ਕਾਰਨ ਮੰਡੀ ਵਿੱਚ ਪਈ ਉਸ ਦੀ ਕਣਕ ਭਿੱਜ ਕੇ ਖ਼ਰਾਬ ਹੋ ਰਹੀ ਹੈ। ਉਸ ਨੇ ਕਿਹਾ ਕਿ ਖੜ੍ਹੀ ਕਣਕ ਦਾ ਦਾਣਾ ਬਦਰੰਗ ਹੋਣ ਨਾਲ ਨੁਕਸਾਨ ਹੋਣ ਦਾ ਵੀ ਖ਼ਦਸ਼ਾ ਹੈ।
ਮਾਨਸਰ (ਮਨਪ੍ਰੀਤ ਸਿੰਘ): ਤੇਜ਼ ਹਨੇਰੀ ਤੇ ਮੀਂਹ ਕਰਕੇ ਮੌਸਮ ਵਿੱਚ ਆਈ ਤਬਦੀਲੀ ਨਾਲ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਮੀਂਹ ਕਾਰਨ ਅੱਜ ਕੰਬਾਈਨ ਨਾਲ ਵਾਢੀ ਨਹੀਂ ਹੋ ਸਕੀ। ਹੱਥਾਂ ਨਾਲ ਵੱਢੀ ਕਣਕ ਨੂੰ ਹਨੇਰੀ ਨੇ ਖਿਲਾਰ ਦਿੱਤਾ। ਤੇਜ਼ ਝੱਖੜ ਤੇ ਮੀਂਹ ਕਾਰਨ ਕਿਸਾਨਾਂ ਪ੍ਰੇਸ਼ਾਨ ਹਨ ਕਿਉਂਕਿ ਝੱਖੜ ਕਾਰਨ ਖੇਤਾਂ ਵਿਚ ਖੜ੍ਹੀ ਫ਼ਸਲ ਵਿਛ ਗਈ ਹੈ। ਕੁੱਝ ਕਿਸਾਨਾਂ ਤਾਂ ਕਣਕ ਦੀ ਫ਼ਸਲ ਮੰਡੀ ਵਿਚ ਲੈ ਗਏ ਸਨ ਜਿੱਥੇ ਸਹੀ ਪ੍ਰਬੰਧ ਨਾ ਹੋਣ ਕਾਰਨ ਕਣਕ ਭਿੱਜ ਗਈ। ਪੀੜਤ ਕਿਸਾਨਾਂ ਨੇ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠਾਂ ਦੱਬਿਆ ਹੋਇਆ ਹੈ। ਹੁਣ ਕੁਦਰਤ ਵੀ ਕਿਸਾਨਾਂ ’ਤੇ ਕਹਿਰ ਬਣ ਕੇ ਢਹਿ ਰਹੀ ਹੈ।
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਅੱਜ ਸ਼ਾਮ ਬਲਾਚੌਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਪਏ ਮੀਂਹ ਕਾਰਨ ਕਣਕ ਦੀ ਵਢਾਈ ਅਤੇ ਗਹਾਈ ਰੁਕ ਗਈ ਹੈ। ਮੰਡੀਆਂ ਖ਼ਰੀਦ ਵੀ ਰੁਕ ਗਈ ਹੈ। ਕੱਲ੍ਹ ਤੋਂ ਬੱਦਲਵਾਈ ਕਾਰਨ ਵਿਗੜ ਰਹੇ ਮੌਸਮ ਤੇ ਹਨ੍ਹੇਰੀ ਨੇ ਕਿਸਾਨਾਂ ਦੇ ਸਾਹ ਪਹਿਲਾਂ ਹੀ ਸੂਤੇ ਹੋਏ ਸਨ, ਪਰ ਮੀਂਹ ਨੇ ਕਿਸਾਨਾਂ ਨੂੰ ਹੋਰ ਫ਼ਿਕਰਾਂ ਵਿੱਚ ਪਾ ਦਿੱਤਾ ਹੈ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਮੀਂਹ ਤੇ ਤੇਜ਼ ਹਨੇਰੀ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਿਚ ਵਾਧਾ ਕਰ ਦਿੱਤਾ ਹੈ। ਪਿੰਡ ਰੂਪੇਵਾਲ, ਦੌਲਤਪੁਰ ਢੱਡਾ, ਬਿੱਲੀ ਵੜੈਚ, ਕੋਟਲਾ ਹੇਰਾਂ, ਤਲਵੰਡੀ ਮਾਧੋ, ਕੁਲਾਰ, ਸੀਚੇਵਾਲ, ਨਿਹਾਲੂਵਾਲ, ਨਿਮਾਜੀਪੁਰ, ਕੋਟਲੀ ਗਾਜਰਾਂ, ਮੀਏਵਾਲ ਮੌਲਵੀਆਂ ਤੇ ਅਰਾਈਆਂ, ਲਸੂੜੀ, ਨੂਰਪੁਰ ਚੱਠਾ, ਗਾਂਧਰਾ, ਲੱਧੜਾ, ਮੱਲੀਆਂ ਕਲਾਂ ਤੇ ਖੁਰਦ, ਬਲ ਹੁਕਮੀ ਅਤੇ ਮਲਸੀਆਂ ਸਣੇ ਕਈ ਪਿੰਡਾਂ ਕਣਕ ਦਾ ਨੁਕਸਾਨ ਕੀਤਾ ਹੈ। ਇਸ ਕਾਰਨ ਖੜ੍ਹੀਆਂ ਫ਼ਸਲਾਂ ਵਿਛ ਗਈਆਂ ਹਨ ਤੇ ਕੰਬਾਈਨਾਂ ਦਾ ਕੰਮ ਵੀ ਰੁਕ ਗਿਆ।
ਗ਼ਰੀਬਾਂ ’ਚ ਵੰਡੀ ਜਾਣ ਵਾਲੀ ਕਣਕ ਵੀ ਭਿੱਜੀ
ਗੁਰਦਾਸਪੁਰ (ਕੇ.ਪੀ ਸਿੰਘ): ਪਨਗਰੇਨ ਵੱਲੋਂ ਗ਼ਰੀਬਾਂ ਲਈ ਖ਼ਰੀਦੀ ਕਣਕ ਦੀ ਮੰਡੀਆਂ ਵਿੱਚ ਬੇਕਦਰੀ ਹੋ ਰਹੀ ਹੈ। ਅਦਾਰਾ ਸਥਾਨਕ ਮੰਡੀ ਮੀਂਹ ਦੌਰਾਨ ਕਣਕ ਨੂੰ ਤਰਪਾਲ ਨਾਲ ਢਕਣ ਦੀ ਜ਼ਹਿਮਤ ਵੀ ਨਹੀਂ ਕਰ ਰਿਹਾ। ਦੂਜੀਆਂ ਖ਼ਰੀਦ ਏਜੰਸੀਆਂ ਵੱਲੋਂ ਖ਼ਰੀਦੀ ਕਣਕ ਨੂੰ ਮੀਂਹ ਆਉਣ ਤੋਂ ਪਹਿਲਾਂ ਹੀ ਤਰਪਾਲਾਂ ਨਾਲ ਢਕ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਪਨਗਰੇਨ ਨੇ 4683 ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਹੈ। ਇਹ ਉਹ ਕਣਕ ਹੈ ਜਿਸ ਨੂੰ ਪੰਜਾਬ ਸਰਕਾਰ ਵੱਲੋਂ ਗ਼ਰੀਬਾਂ ਨੂੰ ਦੋ ਰੁਪਏ ਪ੍ਰਤੀ ਕਿਲੋ ਦੇਣ ਲਈ ਖ਼ਰੀਦਿਆ ਗਿਆ ਹੈ। ਮੰਡੀਆਂ ਵਿੱਚ ਖ਼ਰਾਬ ਹੋ ਰਹੀ ਕਣਕ ਵੱਲ ਅਦਾਰੇ ਦਾ ਧਿਆਨ ਹੀ ਨਹੀਂ ਹੈ। ਪਿੰਡ ਔਜਲਾ ਦੇ ਕਿਸਾਨ ਕੰਵਲਜੀਤ ਸਿੰਘ ਨੇ ਦੱਸਿਆ ਕਿ ਮੰਡੀ ਵਿੱਚ ਕੋਈ ਸੁਵਿਧਾ ਨਹੀਂ ਮਿਲ ਰਹੀ। ਮੀਂਹ ਆਉਣ ’ਤੇ ਉਨ੍ਹਾਂ ਨੂੰ ਖ਼ੁਦ ਤਰਪਾਲ ਲਿਆਉਣ ਲਈ ਕਿਹਾ ਜਾਂਦਾ ਹੈ। ਜ਼ਿਲ੍ਹਾ ਮੰਡੀ ਅਫ਼ਸਰ ਕੁਲਜੀਤ ਸਿੰਘ ਸੈਣੀ ਨੇ ਕਿਹਾ ਕਿ ਮੰਡੀ ਵਿੱਚ ਕਣਕ ਆਉਣ ਤਕ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੁੰਦੀ ਹੈ। ਖ਼ਰੀਦ ਮਗਰੋਂ ਖ਼ਰੀਦਣ ਵਾਲੀ ਏਜੰਸੀ ਉਸ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰ ਹੁੰਦੀ ਹੈ। ਡੀਐੱਫਐੱਸਸੀ ਪਨਗਰੇਨ ਮੈਡਮ ਦੇਵਗਨ ਨੇ ਕਿਹਾ ਕਿ ਉਹ ਕਿਸੇ ਦੂਜੀ ਮੰਡੀ ਵਿੱਚ ਹਨ। ਇਸ ਬਾਰੇ ਪੜਤਾਲ ਕਰ ਕੇ ਕਾਰਵਾਈ ਕੀਤੀ ਜਾਵੇਗੀ।