ਪੱਤਰ ਪ੍ਰੇਰਕ
ਮੁਕੇਰੀਆਂ, 30 ਅਗਸਤ
ਮਾਈਨਿੰਗ ਵਿਭਾਗ ਦੀ ਜੂਨੀਅਰ ਇੰਜਨੀਅਰ ਵੱਲੋਂ ਬੀਤੇ ਦਿਨੀਂ ਹਾਜੀਪੁਰ ਦੇ ਟੀ-ਪੁਆਇੰਟ ’ਤੇ ਦਸਤਾਵੇਜ਼ਾਂ ਦੀ ਜਾਂਚ ਲਈ ਹਿਮਾਚਲ ਪ੍ਰਦੇਸ਼ ਤੋਂ ਰੇਤਾ ਬੱਜਰੀ ਲੈ ਕੇ ਆ ਰਹੀਆਂ ਗੱਡੀਆਂ ਡੱਕਣ ਤੋਂ ਭੜਕੇ ਟਿੱਪਰ ਚਾਲਕਾਂ ਨੇ ਅਧਿਕਾਰੀ ’ਤੇ ਕਥਿਤ ਸੱਤ ਹਜ਼ਾਰ ਰੁਪਏ ਪ੍ਰਤੀ ਗੱਡੀ ਨਾਜਾਇਜ਼ ਵਸੂਲੀ ਦੇ ਦੋਸ਼ ਲਗਾ ਕੇ ਮੁਕੇਰੀਆਂ ਤਲਵਾੜਾ ਮਾਰਗ ਜਾਮ ਕਰ ਦਿੱਤਾ ਸੀ। ਇਸੇ ਦੌਰਾਨ ਬੀਤੀ ਅੱਧੀ ਰਾਤ ਟਿੱਪਰ ਯੂਨੀਅਨ ਅਤੇ ਪ੍ਰਸ਼ਾਸਨ ਵਿਚਾਲੇ ਸਹਿਮਤੀ ਬਣ ਗਈ ਸੀ ਕਿ ਚਾਲਕ ਗੱਡੀਆਂ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਜਮ੍ਹਾਂ ਕਰਵਾ ਕੇ ਆਪਣੀਆਂ ਗੱਡੀਆਂ ਲੈ ਜਾਣ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਧਰਨਾ ਚੁੱਕ ਲਿਆ ਸੀ। ਅੱਜ ਦੇਰ ਸ਼ਾਮ ਇਸ ਮਸਲੇ ਨੂੰ ਲੈ ਕੇ ਮੁੜ ਹੋਈ ਮੀਟਿੰਗ ਵਿੱਚ ਮੁੜ ਆਰਜ਼ੀ ਸਹਿਮਤੀ ਤਾਂ ਬਣ ਗਈ ਹੈ, ਪਰ ਕੋਈ ਪੱਕਾ ਹੱਲ ਨਾ ਨਿਕਲਣ ਕਰਕੇ ਆਉਂਦੇ ਦਿਨਾ ਦਰਮਿਆਨ ਦੋਹਾਂ ਧਿਰਾਂ ਦੇ ਮੁੜ ਆਹਮੋ-ਸਾਹਮਣੇ ਆਉਣ ਦੇ ਅਸਾਰ ਬਣ ਗਏ ਹਨ। ਪ੍ਰਸ਼ਾਸਨ ਨਾਲ ਹੋਈ ਮੀਟਿੰਗ ਦਰਮਿਆਨ ਇਸ ਗੱਲ ’ਤੇ ਸਹਿਮਤੀ ਬਣੀ ਕਿ ਟਿੱਪਰ ਚਾਲਕਾਂ ਵੱਲੋਂ ਮੁਹੱਈਆ ਕਰਵਾਏ ਦਸਤਾਵੇਜ਼ਾਂ ਦੇ ਆਧਾਰ ’ਤੇ ਅਧਿਕਾਰੀ ਦੋ ਦਿਨਾਂ ਅੰਦਰ ਜਾਂਚ ਕਰ ਲੈਣ ਅਤੇ ਜਦੋਂ ਤੱਕ ਜਾਂਚ ਚੱਲਦੀ ਹੈ ਅਧਿਕਾਰੀ ਟਿੱਪਰ ਚਾਲਕਾਂ ਨੂੰ ਤੰਗ-ਪ੍ਰੇਸ਼ਾਨ ਨਹੀਂ ਕਰਨਗੇ।