ਪੱਤਰ ਪ੍ਰੇਰਕ
ਪਟਿਆਲਾ 24 ਫਰਵਰੀ
ਕਿੱਟ ਯੂਨੀਵਰਸਿਟੀ, ਭੁਵਨੇਸ਼ਵਰ ਵੱਲੋਂ 21 ਤੋਂ 24 ਫਰਵਰੀ, 2022 ਤੱਕ ਕਰਵਾਈ ਗਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਅਥਲੈਟਿਕਸ ਮਹਿਲਾ ਮੁਕਾਬਲਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਦੀਆਂ ਅਥਲੀਟਾਂ ਨੇ 4X400 ਮੀਟਰ ਰਿਲੇਅ ਮੁਕਾਬਲਿਆਂ ਵਿੱਚ ਗੋਲਡ ਮੈਡਲ ਹਾਸਲ ਕੀਤਾ ਹੈ।
ਇਸ ਸਬੰਧੀ ਡਾਇਰੈਕਟਰ ਸਪੋਰਟਸ ਡਾ. ਗੁਰਦੀਪ ਕੌਰ ਰੰਧਾਵਾ ਨੇ ਦੱਸਿਆ ਕਿ ਅਥਲੀਟ ਸਿਮਰਨਜੀਤ ਕੌਰ, ਮਨੀਸ਼ਾ ਕੁਸ਼ਵਾਹਾ, ਸਿਮਰਨਦੀਪ ਕੌਰ, ਕਿਰਨਜੋਤ ਕੌਰ ਅਤੇ ਤਨਵੀਰ ਕੌਰ ’ਤੇ ਅਧਾਰਿਤ ਪੰਜਾਬੀ ਯੂਨੀਵਰਸਿਟੀ ਦੀ ਉਕਤ ਟੀਮ ਨੇ 3:46.72 ਸਕਿੰਟ ਦਾ ਸਮਾਂ ਲੈ ਕੇ ਪਹਿਲੇ ਸਥਾਨ ’ਤੇ ਰਹਿਣ ਦਾ ਮਾਣ ਪ੍ਰਾਪਤ ਕੀਤਾ। ਵੀਸੀ ਪ੍ਰੋ. ਅਰਵਿੰਦ ਅਤੇ ਡਾਇਰੈਕਟਰ ਸਪੋਰਟਸ ਡਾ. ਗੁਰਦੀਪ ਕੌਰ ਰੰਧਾਵਾ ਨੇ ਖਿਡਾਰਨਾਂ ਦੇ ਕੋਚ ਧਰਮਿੰਦਰਪਾਲ ਸਿੰਘ, ਹਰਭਜਨ ਸਿੰਘ ਸੰਧੂ, ਗੁਰਦੇਵ ਸਿੰਘ ਅਤੇ ਮੈਨੇਜਰ ਭੁਪਿੰਦਰ ਕੌਰ ਨੂੰ ਮੁਬਾਰਕਬਾਦ ਦਿੱਤੀ। ਵਿਭਾਗ ਦੇ ਸਹਾਇਕ ਡਾਇਰੈਕਟਰ ਮਹਿੰਦਰਪਾਲ ਕੌਰ ਤੇ ਡਾ. ਦਲਬੀਰ ਸਿੰਘ, ਨਿਗਰਾਨ ਸਪੋਰਟਸ ਦੇਵਕੀ ਦੇਵੀ ਅਤੇ ਸਮੂਹ ਖੇਡ ਵਿਭਾਗ ਵੱਲੋਂ ਜੇਤੂ ਖਿਡਾਰਨਾਂ ਅਤੇ ਟੀਮ ਆਫ਼ੀਸਰਾਂ ਨੂੰ ਵਧਾਈ ਦਿੱਤੀ ਗਈ।
ਅਲੀਸ਼ੇਰ ’ਚ ਸਪੋਰਟਸ ਮੀਟ ਅੱਜ ਤੋਂ ਸ਼ੁਰੂ
ਲਹਿਰਾਗਾਗਾ: ਨਹਿਰੂ ਯੁਵਾ ਕੇਂਦਰ ਵੱਲੋਂ ਜ਼ਿਲ੍ਹਾ ਪੱਧਰੀ ਸਪੋਰਟਸ ਮੀਟ 2022 25, 26 ਅਤੇ 27 ਫਰਵਰੀ ਨੂੰ ਨੇੜਲੇ ਪਿੰਡ ਅਲੀਸ਼ੇਰ ’ਚ ਡਾ. ਭੀਮ ਰਾਓ ਅੰਬੇਦਕਰ ਸਪੋਰਟਸ ਐਂਡ ਵੈੱਲਫੇਅਰ ਕਲੱਬ ਵੱਲੋਂ ਅਲੀਸ਼ੇਰ ਦੇ ਖੇਡ ਗਰਾਊਂਡ ’ਚ ਕਰਵਾਇਆ ਜਾਵੇਗਾ। ਇਸ ਦੌਰਾਨ 27 ਫਰਵਰੀ ਨੂੰ ਕਬੱਡੀ ਖਿਡਾਰੀ 62 ਕਿਲੋ ਭਾਰ ਲੱਖਾ ਢੰਡੋਲੀ ਅਤੇ 46 ਕਿਲੋ ਭਾਰ ਦੇ ਕਬੱਡੀ ਖਿਡਾਰੀ ਕਾਲਾ ਅਲੀਸ਼ੇਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਸਪੋਰਟਸ ਮੀਟ ਦੇੇ ਜੇਤੂਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। -ਪੱਤਰ ਪ੍ਰੇਰਕ