ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 19 ਅਗਸਤ
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਲੰਘੀ ਰਾਤ ਗ੍ਰਿਫ਼ਤਾਰ ਕੀਤੇ ਸੂਬੇ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਵਿਜੀਲੈਂਸ ਅਧਿਕਾਰੀਆਂ ਨੇ ਸੈਣੀ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਜਦੋਂਕਿ ਬਚਾਅ ਪੱਖ ਦੇ ਵਕੀਲਾਂ ਨੇ ਪੁਲੀਸ ਰਿਮਾਂਡ ਦਾ ਵਿਰੋਧ ਕਰਦਿਆਂ ਵਿਜੀਲੈਂਸ ਦੀ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। ਬਚਾਅ ਪੱਖ ਨੇ ਸੁਮੇਧ ਸੈਣੀ ਤੇ ਉਨ੍ਹਾਂ ਦੀ ਪਤਨੀ ਸ਼ੋਭਾ ਸੈਣੀ ਵੱਲੋਂ ਹਾਈ ਕੋਰਟ ਵਿੱਚ ਦਾਖ਼ਲ ਪਟੀਸ਼ਨਾਂ ਦਾ ਵੀ ਹਵਾਲਾ ਦਿੱਤਾ। ਸੈਣੀ ਦੇ ਵਕੀਲਾਂ ਨੇ ਮੰਗ ਕੀਤੀ ਕਿ ਜਦੋਂ ਤੱਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਆਪਣਾ ਫੈਸਲਾ ਨਹੀਂ ਸੁਣਾਉਂਦੀ, ਉਦੋਂ ਤੱਕ ਹੇਠਲੀ ਅਦਾਲਤ ਵਿੱਚ ਸੁਣਵਾਈ ਮੁਲਤਵੀ ਕੀਤੀ ਜਾਵੇ। ਇਸ ਦੌਰਾਨ ਵਿਜੀਲੈਂਸ ਦੀ ਇਕ ਟੀਮ ਨੇ ਸ਼ਿਵਾਲਿਕ ਦੀਆਂ ਪਹਾੜੀਆਂ ਅਤੇ ਸਿਸਵਾਂ ਇਲਾਕੇ ਵਿੱਚ ਜਾ ਕੇ ਦੋ ਕਲੋਨੀਆਂ ਦੀ ਛਾਣਬੀਣ ਵੀ ਕੀਤੀ ਹੈ।
ਇਸ ਤੋਂ ਪਹਿਲਾਂ ਸੈਣੀ ਨੇ ਮੁਹਾਲੀ ਸਥਿਤ ਪੰਜਾਬ ਵਿਜੀਲੈਂਸ ਥਾਣੇ ਦੀ ਹਵਾਲਾਤ ਵਿੱਚ ਦਰੀ ਉੱਤੇ ਰਾਤ ਗੁਜ਼ਾਰੀ। ਉਸ ਤੋਂ ਦੇਰ ਰਾਤ ਤੱਕ ਪੁੱਛਗਿੱਛ ਕੀਤੀ ਗਈ। ਅੱਜ ਸਵੇਰੇ ਦਫ਼ਤਰ ਖੁੱਲ੍ਹਣ ’ਤੇ ਸੀਨੀਅਰ ਅਧਿਕਾਰੀਆਂ ਨੇ ਦੁਬਾਰਾ ਪੁੱਛਗਿੱਛ ਕੀਤੀ। ਇਹ ਵੀ ਪਤਾ ਲੱਗਾ ਹੈ ਕਿ ਵਿਜੀਲੈਂਸ ਦੇ ਉੱਚ ਅਧਿਕਾਰੀਆਂ ’ਤੇ ਆਧਾਰਿਤ ਵੱਖ-ਵੱਖ ਟੀਮਾਂ ਨੇ ਮਾਮਲੇ ਦੀ ਤਹਿ ਤੱਕ ਜਾਣ ਲਈ ਸੈਣੀ ਤੋਂ ਕਰਾਸ ਪੁੱਛ-ਪੜਤਾਲ ਵੀ ਕੀਤੀ ਹੈ। ਅਦਾਲਤ ਵਿੱਚ ਪੇਸ਼ ਕੀਤੇ ਜਾਣ ਮੌਕੇ ਸੈਣੀ ਨੇ ਆਪਣਾ ਮੂੰਹ ਚਿੱਟੇ ਰੰਗ ਦੇ ਰੁਮਾਲ ਨਾਲ ਢਕਿਆ ਹੋਇਆ ਸੀ।
ਉਧਰ ਮੁਹਾਲੀ ਪੁਲੀਸ ਵੱਲੋਂ ਮੀਡੀਆ ਕਰਮੀਆਂ ਨੂੰ ਅਦਾਲਤ ਦੇ ਅੰਦਰ ਜਾਣ ਤੋਂ ਰੋਕਿਆ ਗਿਆ। ਸਾਰੇ ਕੈਮਰਾਮੈਨਾਂ ਨੂੰ ਪੁਲੀਸ ਨੇ ਅਦਾਲਤ ਕੰਪਲੈਕਸ ਤੋਂ ਬਾਹਰ ਭੇਜ ਦਿੱਤਾ। ਇਸ ਦੌਰਾਨ ਕੁਝ ਪੱਤਰਕਾਰ ਪੁਲੀਸ ਨੂੰ ਝਕਾਨੀ ਦੇ ਕੇ ਅਦਾਲਤੀ ਕੰਪਲੈਕਸ ਅੰਦਰ ਦਾਖ਼ਲ ਹੋਣ ਵਿੱਚ ਸਫਲ ਰਹੇ, ਜਿਨ੍ਹਾਂ ਕਵਰੇਜ ਲਈ ਮੋਬਾਈਲ ਫੋਨਾਂ ਦਾ ਸਹਾਰਾ ਲਿਆ। ਚੇਤੇ ਰਹੇ ਕਿ ਸੁਮੇਧ ਸੈਣੀ ਖ਼ਿਲਾਫ਼ ਪਹਿਲਾਂ ਹੀ ਕਈ ਕੇਸ ਚੱਲ ਰਹੇ ਹਨ। ਪਿਛਲੇ ਦਿਨੀਂ ਪੰਜਾਬ ਵਿਜੀਲੈਂਸ ਬਿਊਰੋ ਨੇ ਉਸ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਜੁਟਾਉਣ ਦਾ ਨਵਾਂ ਕੇਸ ਦਰਜ ਕੀਤਾ ਹੈ। ਇਨ੍ਹਾਂ ਸਾਰੇ ਮਾਮਲਿਆਂ ਵਿੱਚ ਸਾਬਕਾ ਡੀਜੀਪੀ ਨੂੰ ਜ਼ਮਾਨਤ ਮਿਲੀ ਹੋਈ ਹੈ।
ਚਿੱਟੇ ਕੁੜਤੇ ਪਜਾਮੇ ’ਚ ਪੇਸ਼ ਹੋਇਆ ਸਾਬਕਾ ਡੀਜੀਪੀ
ਮੁਹਾਲੀ ਅਦਾਲਤ ਵਿੱਚ ਪੇਸ਼ ਕਰਨ ਮੌਕੇ ਸੁਮੇਧ ਸੈਣੀ ਨੇ ਕੁੜਤਾ ਪਜ਼ਾਮਾ ਪਹਿਨਇਆ ਹੋਇਆ ਸੀ। ਉਂਜ ਲੰਘੀ ਰਾਤ ਜਾਂਚ ਵਿੱਚ ਸ਼ਾਮਲ ਹੋਣ ਲਈ ਸੈਣੀ ਘਰੋਂ ਪੈਂਟ ਕਮੀਜ਼ ਵਿੱਚ ਆਇਆ ਸੀ। ਦੇਰ ਰਾਤ ਉਸ ਨੇ ਆਪਣੇ ਕੱਪੜੇ ਬਦਲੇ ਤੇ ਪੈਂਟ ਕਮੀਜ਼ ਲਾਹ ਕੇ ਚਿੱਟੇ ਰੰਗ ਦਾ ਕੁੜਤਾ ਪਜ਼ਾਮਾ ਪਾ ਲਿਆ। ਇਸੇ ਸੂਟ ਵਿੱਚ ਹਵਾਲਾਤ ’ਚ ਰਾਤ ਗੁਜ਼ਾਰੀ ਅਤੇ ਦੁਪਹਿਰ ਵੇਲੇ ਅਦਾਲਤ ਵਿੱਚ ਪੇਸ਼ ਹੋਣ ਸਮੇਂ ਵੀ ਉਸ ਨੇ ਕੁੜਤਾ ਪਜ਼ਾਮਾ ਹੀ ਪਾਇਆ ਹੋਇਆ ਸੀ।