ਸ੍ਰੀਨਗਰ, 12 ਜੂਨ
ਜੰਮੂ ਕਸ਼ਮੀਰ ਵਿੱਚ ਹਾਲ ਹੀ ’ਚ ਦੋ ਪੁਲੀਸ ਮੁਲਾਜ਼ਮਾਂ ਦੀ ਹੱਤਿਆ ’ਚ ਸ਼ਾਮਲ ਲਸ਼ਕਰ-ਏ-ਤਇਬਾ ਦਾ ਅਤਿਵਾਦੀ ਆਦਿਲ ਪੈਰੇ ਅੱਜ ਇੱਥੇ ਪੁਲੀਸ ਦੀ ਇਕ ਛੋਟੀ ਟੀਮ ਨਾਲ ਅਚਾਨਕ ਹੋਏ ਮੁਕਾਬਲੇ ’ਚ ਮਾਰਿਆ ਗਿਆ। ਇਸ ਤਰ੍ਹਾਂ ਪਿਛਲੇ 24 ਘੰਟਿਆਂ ’ਚ ਜੰਮੂ ਕਸ਼ਮੀਰ ਵਿੱਚ ਮਾਰੇ ਗਏ ਅਤਿਵਾਦੀਆਂ ਦੀ ਗਿਣਤੀ ਪੰਜ ਹੋ ਗਈ ਹੈ।
ਆਈਜੀ ਕਸ਼ਮੀਰ ਵਿਜੈ ਕੁਮਾਰ ਨੇ ਟਵਿੱਟਰ ’ਤੇ ਲਿਖਿਆ, ‘‘ਗੰਦਰਬਲ ਦਾ ਲਸ਼ਕਰ ਦਾ ਅਤਿਵਾਦੀ ਆਦਿਲ ਪੈਰੇ ਜੋ ਜੰਮੂ ਕਸ਼ਮੀਰ ਪੁਲੀਸ ਦੇ ਦੋ ਮੁਲਾਜ਼ਮਾਂ ਸੰਗਮ ਵਿੱਚ ਜੀ.ਐੱਚ. ਹਸਨ ਡਾਰ ਅਤੇ ਅੰਚਾਰ ਸੌਰਾ ’ਚ ਸੈਫੂਲਾ ਕਾਦਿਰ ਦੀ ਹੱਤਿਆ ਵਿੱਚ ਸ਼ਾਮਲ ਸੀ, ਪੁਲੀਸ ਦੀ ਇਕ ਛੋਟੀ ਟੀਮ ਨਾਲ ਅਚਾਨਕ ਹੋਏ ਮੁਕਾਬਲੇ ਵਿੱਚ ਮਾਰਿਆ ਗਿਆ।’’ ਮੁਕਾਬਲਾ ਇੱਥੋਂ ਦੇ ਕ੍ਰਿਸਬਲ ਪਾਲਪੋਰਾ ਸੰਗਮ ਇਲਾਕੇ ਵਿੱਚ ਹੋਇਆ। ਪੈਰੇ ਦੀ ਮੌਤ ਨਾਲ ਪਿਛਲੇ 24 ਘੰਟਿਆਂ ’ਚ ਮਾਰੇ ਗਏ ਅਤਿਵਾਦੀਆਂ ਦੀ ਗਿਣਤੀ ਪੰਜ ਹੋ ਗਈ ਹੈ ਅਤੇ ਇਸ ਸਾਲ ਹੁਣ ਤੱਕ ਵਾਦੀ ’ਚ ਮਾਰੇ ਗਏ ਅਤਿਵਾਦੀਆਂ ਦੀ ਗਿਣਤੀ 100 ਹੋ ਗਈ ਹੈ। ਇਕ ਅਤਿਵਾਦੀ ਕੁਲਗਾਮ ਵਿੱਚ ਮਾਰਿਆ ਗਿਆ, ਜਦਕਿ ਦੂਜਾ ਸ਼ਨਿਚਰਵਾਰ ਨੂੰ ਪੁਲਵਾਮਾ ’ਚ ਮਾਰਿਆ ਗਿਆ। ਅੱਜ ਸਵੇਰੇ ਪੁਲਵਾਮਾ ਮੁਕਾਬਲੇ ਵਿੱਚ ਦੋ ਹੋਰ ਅਤਿਵਾਦੀ ਮਾਰੇ ਗਏ ਜਿਸ ਨਾਲ ਇਸ ਮੁਕਾਬਲੇ ’ਚ ਮਾਰੇ ਗਏ ਅਤਿਵਾਦੀਆਂ ਦੀ ਗਿਣਤੀ ਤਿੰਨ ਹੋ ਗਈ।’’
ਪੁਲੀਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਦੋਂ ਸੁਰੱਖਿਆ ਬਲ ਦੇ ਜਵਾਨ ਅਤਿਵਾਦੀਆਂ ਦੇ ਸ਼ੱਕੀ ਟਿਕਾਣੇ ’ਤੇ ਪਹੁੰਚੇ ਤਾਂ ਉੱਥੇ ਛੁਪੇ ਹੋਏ ਅਤਿਵਾਦੀਆਂ ਨੇ ਉਨ੍ਹਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦਾ ਸੁਰੱਖਿਆ ਬਲਾਂ ਨੇ ਮੂੰਹ-ਤੋੜ ਜਵਾਬ ਦਿੱਤਾ ਅਤੇ ਮੁਕਾਬਲਾ ਸ਼ੁਰੂ ਹੋ ਗਿਆ। ਬੁਲਾਰੇ ਨੇ ਕਿਹਾ ਕਿ ਮੁਕਾਬਲੇ ਵਿੱਚ ਲਸ਼ਕਰ-ਏ-ਤਇਬਾ ਦੇ ਤਿੰਨ ਅਤਿਵਾਦੀ ਮਾਰੇ ਗਏ ਜਿਨ੍ਹਾਂ ਦੀਆਂ ਲਾਸ਼ਾਂ ਮੁਕਾਬਲੇ ਵਾਲੀ ਥਾਂ ਤੋਂ ਬਰਾਮਦ ਕਰ ਲਈਆਂ ਗਈਆਂ। ਉਨ੍ਹਾਂ ਦੱਸਿਆ ਕਿ ਮਾਰੇ ਗਏ ਅਤਿਵਾਦੀਆਂ ਦੀ ਪਛਾਣ ਪੁਲਵਾਮਾ ਦੇ ਗਡੂਰਾ ਦੇ ਰਹਿਣ ਵਾਲੇ ਜੁਨੈਦ ਅਹਿਮਦ ਸ਼ੀਰਗੋਜਰੀ, ਪੁਲਵਾਮਾ ਦੇ ਦ੍ਰਬਗਾਮ ਦੇ ਵਸਨੀਕ ਫਾਜ਼ਿਲ ਨਜ਼ੀਰ ਭੱਟ ਅਤੇ ਪੁਲਵਾਮਾ ਦੇ ਅਰਾਬਲ ਨਿਕਾਸ ਦੇ ਰਹਿਣ ਵਾਲੇ ਇਰਫਾਨ ਅਹਿਮਦ ਮਲਿਕ ਵਜੋਂ ਹੋਈ ਹੈ। ਪੁਲੀਸ ਮੁਤਾਬਕ ਇਹ ਤਿੰਨੋਂ ਅਤਿਵਾਦੀ ਪੁਲੀਸ ਤੇ ਸੁਰੱਖਿਆ ਬਲਾਂ ’ਤੇ ਹਮਲੇ ਤੇ ਆਮ ਲੋਕਾਂ ’ਤੇ ਅੱਤਿਆਚਾਰ ਸਣੇ ਵੱਖ-ਵੱਖ ਦਹਿਸ਼ਤਗਰਦ ਅਪਰਾਧਾਂ ਦੇ ਮਾਮਲਿਆਂ ’ਚ ਸ਼ਾਮਲ ਸਨ। ਬੁਲਾਰੇ ਨੇ ਦੱਸਿਆ ਕਿ ਸ਼ੀਰਗੋਜਰੀ ਆਪਣੇ ਸਾਥੀ ਤੇ ਪੁਲਵਾਮਾ ਦੇ ਮੋਂਘਾਮਾ ’ਚ ਰਹਿਣ ਵਾਲੇ ਆਬਿਦ ਹੁਸੈਨ ਨਾਲ ਮਿਲ ਕੇ 13 ਮਈ ਨੂੰ ਪੁਲੀਸ ਮੁਲਾਜ਼ਮ ਰਿਆਜ਼ ਅਹਿਮਦ ਨੂੰ ਉਸ ਦੇ ਘਰ ’ਚ ਕਤਲ ਕਰਨ ਦੀ ਘਟਨਾ ’ਚ ਸ਼ਾਮਲ ਸੀ। ਆਬਿਦ ਹੁਸੈਨ 30 ਮਈ ਨੂੰ ਮਾਰਿਆ ਗਿਆ ਸੀ। ਉਨ੍ਹਾਂ ਕਿਹਾ, ‘‘ਸ਼ੀਰਗੋਜਰੀ ਪੁਲਵਾਮਾ-ਬਡਗਾਮ ਦੇ ਬਾਹਰ ਚਡੂਰਾ ਵਿੱਚ ਇੱਟਾਂ ਦੇ ਭੱਠੇ ’ਤੇ 2 ਜੂਨ ਨੂੰ ਮਜ਼ਦੂਰਾਂ ’ਤੇ ਕੀਤੇ ਗਏ ਹਮਲੇ ਵਿੱਚ ਵੀ ਸ਼ਾਮਲ ਸੀ। ਇਸ ਹਮਲੇ ’ਚ ਇਕ ਮਜ਼ਦੂਰ ਦੀ ਮੌਤ ਹੋ ਗਈ ਸੀ।’’ -ਪੀਟੀਆਈ