ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 31 ਦਸੰਬਰ
ਆਮ ਆਦਮੀ ਪਾਰਟੀ ਆਗੂਆਂ ਨੇ ਅੱਜ ਇਥੇ ਦੋਸ਼ ਲਾਇਆ ਕਿ ਪੰਜਾਬ ਦੇ ਦੋ ਸਾਬਕਾ ਮੁੱਖ ਮੰਤਰੀਆਂ ਸਮੇਤ ਕੁਝ ਸਿਆਸੀ ਰਸੂਖਵਾਨ ਲੋਕਾਂ ਨੇ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਸੈਂਕੜੇ ਕਰੋੜ ਦੀ ਜਾਇਦਾਦ ਉੱਪਰ ਕਥਿਤ ਤੌਰ ‘ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਆਮ ਆਦਮੀ ਪਾਰਟੀ ਦੇ ਆਗੂ ਗੁਰਦਿੱਤ ਸਿੰਘ ਸੇਖੋਂ, ਹੈਪੀ ਬਰਾੜ, ਬੇਅੰਤ ਕੌਰ ਸੇਖੋਂ, ਮਾਸਟਰ ਅਮਰਜੀਤ ਸਿੰਘ ਅਤੇ ਜਗਮੀਤ ਸਿੰਘ ਸੁੱਖਣਵਾਲਾ ਨੇ ਕਿਹਾ ਕਿ ਇਸ ਤੋਂ ਇਲਾਵਾ ਦਰਿਆਵਾਂ ਦੇ ਆਸ-ਪਾਸ ਕੰਢਿਆਂ ਉੱਪਰ ਸਿਆਸੀ ਰਸੂਖ ਵਾਲਿਆਂ ਨੇ ਜ਼ਮੀਨਾਂ ਨੱਪੀਆਂ ਹੋਈਆਂ ਹਨ।
‘ਆਪ’ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਆਈ ਤਾਂ ਉਹ ਸਰਕਾਰੀ ਜਾਇਦਾਦਾਂ ਉੱਪਰੋਂ ਨਾਜਾਇਜ਼ ਕਬਜ਼ੇ ਛੁਡਾ ਕੇ ਇੱਥੇ ਜੰਗਲ ਵਿਕਸਤ ਕਰਨਗੇ। ਫ਼ਰੀਦਕੋਟ ਦੇ ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਰਕੇ ਹੀ ਫ਼ਰੀਦਕੋਰਟ ਵਿੱਚ 200 ਏਕੜ ਤੋਂ ਵੱਧ ਰਕਬੇ ਦਾ ਜੰਗਲ ਅੱਜ ਵੀ ਸੁਰੱਖਿਅਤ ਹੈ।
ਉਨ੍ਹਾਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਵਾਤਾਵਰਨ ਨੂੰ ਵੀ ਇਹ ਮੁੱਦਾ ਬਣਾਇਆ ਜਾਵੇਗਾ ਅਤੇ ਇਸ ਨੂੰ ਚੋਣ ਮੈਨੀਫੈਸਟੋ ਵਿੱਚ ਵੀ ਸ਼ਾਮਲ ਕੀਤਾ ਜਾਵੇਗਾ।