ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਜੁਲਾਈ
ਇੱਥੋਂ ਦੇ ਇੱਕ ਪਰਿਵਾਰ ਦੀਆਂ ਚਾਰ ਨਾਬਾਲਗ ਲੜਕੀਆਂ ਸ਼ੱਕੀ ਹਾਲਤ ਵਿੱਚ ਲਾਪਤਾ ਹਨ। ਦੋ ਦਿਨ ਪਹਿਲਾਂ ਲਾਪਤਾ ਹੋਈਆਂ ਇਨ੍ਹਾਂ ਨਾਬਾਲਗ ਲੜਕੀਆਂ ਸਬੰਧੀ ਪਰਿਵਾਰ ਨੇ ਥਾਣਾ ਡਿਵੀਜ਼ਨ ਨੰਬਰ 6 ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਪਰਿਵਾਰ ਵਾਲਿਆਂ ਨੇ ਆਪਣੇ ਪੱਧਰ ’ਤੇ ਲੜਕੀਆਂ ਦੀ ਭਾਲ ਕੀਤੀ ਪਰ ਕੋਈ ਥਹੁ-ਪਤਾ ਨਾ ਲੱਗਣ ’ਤੇ ਇਸ ਸਬੰਧੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਹੁਣ ਪੁਲੀਸ ਨੇ ਇਲਾਕੇ ਵਿੱਚ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਕੋਲ ਸ਼ਿਕਾਇਤ ਦੇਣ ਪੁੱਜੇ ਪੀੜਤ ਪਰਿਵਾਰ ਨੇ ਦੱਸਿਆ ਕਿ ਸ਼ੱਕੀ ਹਾਲਤ ਵਿੱਚ ਲਾਪਤਾ ਹੋਈਆਂ ਲੜਕੀਆਂ ਵਿੱਚੋਂ ਦੋ ਸਕੀਆਂ ਭੈਣਾਂ ਹਨ ਅਤੇ ਦੋ ਚਾਚੇ ਦੀਆਂ ਕੁੜੀਆਂ ਹਨ। ਇੱਕੋ ਪਰਿਵਾਰ ਦੇ ਇਹ ਮੈਂਬਰ ਕੁਝ ਸਮਾਂ ਪਹਿਲਾਂ ਹੀ ਨੇਪਾਲ ਤੋਂ ਲੁਧਿਆਣਾ ਆਏ ਸਨ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦੇ ਹਨ ਤੇ ਨਾਬਾਲਗ ਲੜਕੀਆਂ ਵੀ ਘਰਾਂ ਅਤੇ ਕੋਠੀਆਂ ’ਚ ਕੰਮ ਕਰਦੀਆਂ ਹਨ। ਐਤਵਾਰ ਦੀ ਸ਼ਾਮ ਕਰੀਬ 7 ਕੁ ਵਜੇ ਚਾਰੇ ਨਾਬਾਲਗ ਲੜਕੀਆਂ ਘਰ ਤੋਂ ਕਿਸੇ ਕੰਮ ਲਈ ਗਈਆਂ ਸਨ ਪਰ ਵਾਪਸ ਨਹੀਂ ਆਈਆਂ। ਥਾਣਾ ਡਿਵੀਜ਼ਨ ਨੰਬਰ 6 ਦੀ ਐੱਸਐੱਚਓ ਇੰਸਪੈਕਟਰ ਮਧੂ ਬਾਲਾ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਪੁੱਜੀ ਹੈ, ਜਿਸ ਅਨੁਸਾਰ ਇਹ ਚਾਰੋਂ ਭੈਣਾਂ ਤਿੰਨ ਸਕੇ ਭਰਾਵਾਂ ਦੀਆਂ ਲੜਕੀਆਂ ਹਨ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਜਲਦੀ ਹੀ ਬੱਚੀਆਂ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਜਾਵੇਗਾ।
ਫੌਜੀ ਭੇਤ-ਭਰੀ ਹਾਲਤ ਵਿੱਚ ਲਾਪਤਾ
ਮਾਛੀਵਾੜਾ (ਪੱਤਰ ਪ੍ਰੇਰਕ): ਫੌਜ ਵਿਚ ਹੌਲਦਾਰ ਵਜੋਂ ਤਾਇਨਾਤ ਹਰਪ੍ਰੀਤ ਸਿੰਘ ਭੇਦਭਰੇ ਢੰਗ ਨਾਲ ਲਾਪਤਾ ਹੋ ਗਿਆ ਹੈ ਅਤੇ ਉਸ ਦਾ ਮੋਟਰਸਾਈਕਲ, ਮੋਬਾਇਲ ਅਤੇ ਹੋਰ ਦਸਤਾਵੇਜ਼ ਨੇੜੇ ਵਗਦੀ ਸਰਹਿੰਦ ਨਹਿਰ ਕੰਡਿਓਂ ਬਰਾਮਦ ਹੋਏ ਹਨ। ਉਸ ਦੀ ਪਤਨੀ ਮਨਦੀਪ ਕੌਰ ਨੇ ਦੱੱਸਿਆ ਕਿ ਉਹ ਪਿੰਡ ਰਾਮਗੜ੍ਹ, ਤਹਿਸੀਲ ਖੰਨਾ ਦੇ ਵਾਸੀ ਹਨ ਅਤੇ ਉਸ ਦਾ ਪਤੀ ਅੰਬਾਲਾ ਵਿੱਚ ਫੌਜ ਵਿਚ ਡਿਊਟੀ ਕਰਦਾ ਹੈ। ਲੰਘੀ 9 ਜੁਲਾਈ ਨੂੰ ਉਹ ਪਰਿਵਾਰ ਸਮੇਤ ਨੇੜਲੇ ਪਿੰਡ ਲੱਖੋਵਾਲ ਕਲਾਂ ਵਿੱਚ ਰਿਸ਼ਤੇਦਾਰਾਂ ਦੀ ਵਿਆਹ ਸਮਾਗਮ ਵਿਚ ਆਏ ਸਨ ਅਤੇ ਰਾਤ 12 ਵਜੇ ਉਸ ਦਾ ਪਤੀ ਇਹ ਕਹਿ ਕੇ ਚਲੇ ਗਿਆ ਕਿ ਉਸ ਨੂੰ ਆਪਣੇ ਪਿੰਡ ਰਾਮਗੜ੍ਹ ਵਿੱਚ ਜ਼ਰੂਰੀ ਕੰਮ ਹੈ ਅਤੇ ਉਹ ਸਵੇਰੇ ਵਾਪਸ ਆ ਜਾਵੇਗਾ ਪਰ ਉਹ ਮੁੜਿਆ ਨਹੀਂ। ਪੁਲੀਸ ਵਲੋਂ ਕੇਸ ਦਰਜ ਕਰ ਲਾਪਤਾ ਹੋਏ ਫੌਜੀ ਹਰਪ੍ਰੀਤ ਸਿੰਘ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।