ਗਗਨਦੀਪ ਅਰੋੜਾ
ਲੁਧਿਆਣਾ, 31 ਦਸੰਬਰ
ਲੁਧਿਆਣਾ ਦੇ ਲਾਡੋਵਾਲ ਟੌਲ ਪਲਾਜ਼ਾ ’ਤੇ 449 ਦਿਨ ਪਹਿਲਾਂ ਲਾਇਆ ਕਿਸਾਨਾਂ ਦਾ ਧਰਨਾ ਸਮਝੌਤਾ ਹੋਣ ਮਗਰੋਂ ਖਤਮ ਹੋ ਗਿਆ ਹੈ ਅਤੇ ਜੀਟੀ ਰੋਡ ’ਤੇ ਸਥਿਤ ਟੌਲ ਪਲਾਜ਼ਾ ਸ਼ੁਰੂ ਹੋ ਗਿਆ ਹੈ। ਟੌਲ ਪਲਾਜ਼ਾ ਦੀ ਵਸੂਲੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਸਾਫ਼ ਹੈ ਕਿ ਹੁਣ ਲੁਧਿਆਣਾ ਤੋਂ ਜਲੰਧਰ ਵੱਲ ਆਉਣ ਜਾਣ ਵਾਲੇ ਵਾਹਨ ਚਾਲਕਾਂ ਦੀ ਜੇਬ ਮੁੜ ਢਿੱਲੀ ਹੋਵੇਗੀ। ਟੌਲ ਪਲਾਜ਼ਾ ਦੇ ਮੈਨੇਜਰ ਸਰਫਰਾਜ ਖਾਨ ਨੇ ਦੱਸਿਆ ਕਿ ਕਿਸਾਨਾਂ ਨਾਲ ਮੀਟਿੰਗ ਹੋਣ ਤੋਂ ਬਾਅਦ ਹੁਣ ਟੌਲ ਪਲਾਜ਼ਾ ਖੋਲ੍ਹ ਦਿੱਤਾ ਗਿਆ ਹੈ। ਕਿਸਾਨ ਜਥੇਬੰਦੀਆਂ ਨੇ ਦਿੱਲੀ ਦੀਆਂ ਸਰਹੱਦਾਂ ਸਣੇ ਹੋਰ ਸਥਾਨਾਂ ਤੋਂ ਧਰਨੇ ਖਤਮ ਕਰ ਦਿੱਤੇ, ਜਿਸ ਮਗਰੋਂ ਕਈ ਥਾਵਾਂ ’ਤੇ ਟੌਲ ਵਸੂਲੀ ਸ਼ੁਰੂ ਹੋ ਗਈ। ਲਾਡੋਵਾਲ ਟੌਲ ਪਲਾਜ਼ਾ ’ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬੈਨਰ ਹੇਠ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਸੀ, ਜਿਸ ਤੋਂ ਬਾਅਦ ਬੀਤੀ ਰਾਤ ਕਿਸਾਨਾਂ ਅਤੇ ਕੌਮੀ ਹਾਈਵੇਅ ਅਥਾਰਿਟੀ ਵਿਚਕਾਰ ਸਮਝੌਤਾ ਹੋ ਗਿਆ। ਇਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ। ਕਿਸਾਨ ਆਗੂ ਸੰਤੋਖ ਸਿੰਘ ਸੰਧੂ ਨੇ ਕਿਹਾ ਕਿ ਟੌਲ ਪ੍ਰਬੰਧਕਾਂ ਨੇ ਕਿਸਾਨਾਂ ਦੀਆਂ ਮੰਗਾਂ ਅਨੁਸਾਰ ਲਿਖਤੀ ਸਮਝੌਤਾ ਕੀਤਾ ਹੈ।
ਜਬਰਨ ਟੌਲ ਚਾਲੂ ਕਰਵਾਉਣ ’ਤੇ ਟਕਰਾਅ
ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ਸਥਿਤ ਚੌਕੀਮਾਨ ਟੌਲ ਨੂੰ ਕੰਪਨੀ ਵੱਲੋਂ ਦੋ ਵਾਰ ਚਾਲੂ ਕਰਨ ਦੀ ਕੋਸ਼ਿਸ਼ ਮੌਕੇ ਟਕਰਾਅ ਪੈਦਾ ਹੋ ਗਿਆ ਤੇ ਇਲਾਕੇ ਤੋਂ ਵੱਡੀ ਗਿਣਤੀ ਇਕੱਤਰ ਕਿਸਾਨਾਂ ਨੇ ਇਹ ਯਤਨ ਨਾਕਾਮ ਕਰ ਦਿੱਤਾ। ਇਕ ਸਾਲ ਤੋਂ ਵੱਧ ਸਮੇਂ ਤੋਂ ਇਸ ਟੌਲ ’ਤੇ ਧਰਨਾ ਦੇ ਰਹੀਆਂ ਜਥੇਬੰਦੀਆਂ ਨੇ ਪੁਰਾਣੇ ਰੇਟ ਬਹਾਲ ਕਰਨ, ਟੌਲ ਵਾਲੇ ਮਾਰਗ ’ਤੇ ਬਣੇ ਪੁਲਾਂ ਦੀ ਮੁਰੰਮਤ ਅਤੇ ਸਰਵਿਸ-ਲੇਨ ਬਣਾਏ ਜਾਣ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਅਸਲ ’ਚ ਕੁਝ ਹੋਰ ਥਾਵਾਂ ’ਤੇ ਟੌਲ ਸ਼ੁਰੂ ਹੋਣ ਦੀਆਂ ਖ਼ਬਰਾਂ ਤੋਂ ਬਾਅਦ ਚੌਕੀਮਾਨ ਟੌਲ ਨੂੰ ਵੀ ਕੰਪਨੀ ਨੇ ਚਾਲੂ ਕਰਨ ਦੀ ਦੋ ਵਾਰ ਕੋਸ਼ਿਸ਼ ਕੀਤੀ। ਉਸ ਸਮੇਂ ਧਰਨਾ ਦੇ ਰਹੇ ਕਿਸਾਨਾਂ ਦੀ ਗਿਣਤੀ ਘੱਟ ਹੋਣ ਕਰਕੇ ਟੌਲ ਕੰਪਨੀ ਦੇ ਮੁਲਾਜ਼ਮਾਂ ਨੇ ਜਬਰਨ ਟੌਲ ਚਲਾਉਣ ਦਾ ਯਤਨ ਕੀਤਾ। ਇਸ ਦਾ ਪਤਾ ਲੱਗਣ ’ਤੇ ਇਲਾਕੇ ਭਰ ਤੋਂ ਕਿਸਾਨ ਟੌਲ ’ਤੇ ਇਕੱਠੇ ਹੋਣੇ ਸ਼ੁਰੂ ਹੋ ਗਏ। ਅੱਜ ਦੁਪਹਿਰ ਸਮੇਂ ਤੱਕ ਟੌਲ ’ਤੇ ਵੱਡਾ ਇਕੱਠ ਕਰਕੇ ਟੌਲ ਕੰਪਨੀ ਉੱਤੇ ‘ਗੁੰਡਾਗਰਦੀ’ ਦੇ ਦੋਸ਼ ਲਾਉਂਦਿਆਂ ਵਿਰੋਧ ’ਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ, ਅਵਤਾਰ ਸਿੰਘ ਰਸੂਲਪੁਰ, ਜਸਦੇਵ ਸਿੰਘ ਲਲਤੋਂ, ਜਸਵੰਤ ਸਿੰਘ ਮਾਨ, ਕੈਪਟਨ ਕੁਲਰਾਜ ਸਿੰਘ, ਅਜੀਤ ਸਿੰਘ ਕੁਲਾਰ, ਰਣਜੀਤ ਸਿੰਘ ਗੁੜੇ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ’ਚ ਕਿਸਾਨ ਜੇ ਮੋਦੀ ਹਕੂਮਤ ਨੂੰ ਤਿੰਨ ਖੇਤੀ ਕਾਨੂੰਨ ਰੱਦ ਕਰਨ ਲਈ ਮਜਬੂਰ ਕਰ ਸਕਦੇ ਹਨ ਤਾਂ ਟੌਲ ਵਸੂਲਣ ਵਾਲੀ ਕੰਪਨੀ ਦਾ ਧੱਕਾ ਕਿਵੇਂ ਝੱਲ ਲੈਣਗੇ।
ਟੌਲ ਪਲਾਜ਼ਾ ਖੁੱਲ੍ਹਦੇ ਹੀ ਲੱਗਣ ਲੱਗੇ ਵੱਡੇ ਜਾਮ
ਟੌਲ ਪਲਾਜ਼ਾ ਖੁੱਲ੍ਹਦੇ ਹੀ ਅੱਜ ਇੱਥੇ ਜਾਮ ਲੱਗਣੇ ਵੀ ਸ਼ੁਰੂ ਹੋ ਗਏ। ਅੱਜ ਦੁਪਹਿਰ ਵੇਲੇ ਇੱਥੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਗਈਆਂ, ਕਈ ਟੌਲ ਪਲਾਜ਼ਾ ਦੀਆਂ ਖਿੜਕੀਆਂ ਹੋਣ ਦੇ ਬਾਵਜੂਦ ਲਾਈਨਾਂ ਵਿੱਚ ਖੜ੍ਹੇ ਵਾਹਨ ਵਾਲੇ ਟੌਲ ਪਲਾਜ਼ਾ ਵਾਲਿਆਂ ਨੂੰ ਮਾੜਾ ਚੰਗਾ ਬੋਲਦੇ ਰਹੇ।
ਪਰਚੀ ’ਚ ਕੀਤਾ ਪੰਜ ਰੁਪਏ ਦਾ ਵਾਧਾ
ਲਾਡੋਵਾਲ ਟੌਲ ਪਲਾਜ਼ਾ ਖੁੱਲ੍ਹਣ ਤੋਂ ਪਹਿਲਾਂ ਕੰਪਨੀ ਇੱਥੇ ਦੇ ਰੇਟਾਂ ਵਿੱਚ ਕਾਫ਼ੀ ਵਾਧਾ ਕਰਨਾ ਚਾਹੁੰਦੀ ਸੀ ਪਰ ਕਿਸਾਨਾਂ ਨੇ ਇਸਦਾ ਪਤਾ ਚਲਦੇ ਹੀ ਧਰਨਾ ਨਹੀਂ ਚੁੱਕਿਆ, ਹੁਣ ਕੰਪਨੀ ਤੇ ਕਿਸਾਨਾਂ ਵਿੱਚ ਸਮਝੌਤਾ ਹੋਇਆ ਤੇ ਸਿਰਫ਼ 5 ਰੁਪਏ ਦੇ ਵਾਧਾ ਕਰਨ ’ਤੇ ਗੱਲ ਮੁੱਕੀ। ਟੌਲ ਪਲਾਜ਼ਾ ’ਤੇ ਹੁਣ ਇੱਕ ਸਾਈਡ ਦੇ ਲਈ 135 ਰੁਪਏ ਤੇ ਇੱਕੋਂ ਦਿਨ ਵਿੱਚ ਅੱਪ-ਡਾਊਨ ਲਈ 200 ਰੁਪਏ ਦੇਣੇ ਪੈਣਗੇ।