ਪੱਤਰ ਪ੍ਰੇਰਕ
ਬੁਢਲਾਡਾ, 24 ਨਵੰਬਰ
ਇੱਥੋਂ ਦੇ ਭੀਖੀ ਤੋਂ ਜਾਖਲ ਤੱਕ ਬਣ ਰਹੇ ਕੌਮੀ ਮਾਰਗ 148-ਬੀ ਦਾ ਨਿਰਮਾਣ ਕਾਰਜ ਸ਼ਹਿਰ ਦੀ ਮੁੱਖ ਸੁੰਦਰ ਸਿਟੀ ਤੋਂ ਲੈ ਕੇ ਸ਼ਹਿਰ ਦੇ ਫੁਟਬਾਲ ਚੌਕ ਤੱਕ ਅਧੂਰਾ ਛੱਡ ਦਿੱਤਾ ਗਿਆ ਹੈ, ਜਿਸ ਕਾਰਨ ਹੁਣ ਇਸ ਕੌਮੀ ਮਾਰਗ ’ਤੇ ਚੱਲਦਿਆਂ ਲੋਕਾਂ ਨੂੰ ਇਸ ਮਾਰਗ ਦੀ ਰੇਤ ਫੱਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸੇ ਤਰ੍ਹਾਂ ਇਸ ਮਾਰਗ ’ਤੇ ਗੁਰੂ ਨਾਨਕ ਕਾਲਜ ਚੌਕ ਅਤੇ ਫੁਟਬਾਲ ਚੌਕ ਵਿੱਚ ਚੱਲ ਰਹੀ ਓਵਰਬਰਿੱਜਾਂ ਦੀ ਉਸਾਰੀ ਵੀ ਬੰਦ ਹੋ ਗਈ ਹੈ। ਅਜਿਹੇ ਹਲਾਤਾਂ ਵਿੱਚ ਸ਼ਹਿਰ ਦੇ ਦੋਵੇਂ ਚੌਕਾਂ ਵਾਲੇ ਰਸਤਿਆਂ ਵਿੱਚੋਂ ਲੰਘਣਾ ਵੀ ਆਮ ਲੋਕਾਂ ਦਾ ਜੀਵਨ ਧੂੜ-ਮਿੱਟੀ ਨੇ ਘੇਰ ਲਿਆ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਤਾਰਾ ਸਿੰਘ ਵਿਰਦੀ, ਅਕਾਲੀ ਦਲ ਡੈਮੋਕਰੈਟਿਕ ਦੇ ਆਗੂ ਹੰਸਾ ਸਿੰਘ ਹਾਕਮਵਾਲਾ ਤੇ ਕਾਂਗਰਸ ਦੇ ਸਾਬਕਾ ਆਗੂ ਐਡਵੋਕੇਟ ਕਾਮਰੇਡ ਅਸ਼ੋਕ ਕੁਮਾਰ ਨੇ ਇਸ ਕੌਮੀ ਮਾਰਗ ਦੇ ਅਧੂਰੇ ਕਾਰਜ ਨੂੰ ਨੇਪਰੇ ਚੜ੍ਹਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨੈਸ਼ਨਲ ਹਾਈਵੇਅ ਵਿਭਾਗ ਵੱਲੋਂ ਤੁਰੰਤ ਸ਼ਹਿਰ ਦੇ ਲੋਕਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਥੋਂ ਦੇ ਲੋਕ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।