ਭਾਰਤ ਵਿਚ ਜਮਹੂਰੀਅਤ ਦੇ ਪਤਨ ਦੇ ਨਿੱਤ ਨਵੇਂ ਨਕਸ਼ ਉੱਭਰਦੇ ਹਨ। ਮੰਗਲਵਾਰ ਝਾਰਖੰਡ ਵਿਚ ਝਾਰਖੰਡ ਮੁਕਤੀ ਮੋਰਚੇ (ਜੇਐੱਮਐੱਮ) ਦੀ ਅਗਵਾਈ ਵਾਲੀ ਸੱਤਾਧਾਰੀ ਧਿਰ ਤੇ 32 ਵਿਧਾਇਕਾਂ (17 ਕਾਂਗਰਸ ਦੇ ਅਤੇ 15 ਜੇਐੱਮਐੱਮ ਦੇ) ਨੂੰ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਪਹੁੰਚਾਇਆ ਗਿਆ। ਉਨ੍ਹਾਂ ਨੂੰ ਰਾਜਧਾਨੀ ਤੋਂ 10 ਕਿਲੋਮੀਟਰ ਦੂਰ ਰਿਜ਼ੌਰਟ ਵਿਚ ਰੱਖਿਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਭਾਜਪਾ ਝਾਰਖੰਡ ਵਿਚ ਮੁਕਤੀ ਮੋਰਚੇ ਅਤੇ ਕਾਂਗਰਸ ਦੇ ਵਿਧਾਇਕਾਂ ਨੂੰ ਆਪਣੇ ’ਚ ਰਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਭਾਜਪਾ ਦੀ ਝਾਰਖੰਡ ਇਕਾਈ ਨੇ ਕੇਂਦਰੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਕਿ ਮੁੱਖ ਮੰਤਰੀ ਨੇ ਆਪਣੇ ਆਪ ਨੂੰ ਇਮਾਰਤੀ ਪੱਥਰਾਂ ਦੀ ਖਾਣ ਅਲਾਟ ਕਰ ਕੇ ਲੋਕ ਨੁਮਾਇੰਦਗੀ ਕਾਨੂੰਨ ਦੀ ਉਲੰਘਣਾ ਕੀਤੀ ਹੈ। ਕਮਿਸ਼ਨ ਨੇ ਸ਼ਿਕਾਇਤ ਨੂੰ ਸਹੀ ਕਰਾਰ ਦਿੰਦਿਆਂ ਝਾਰਖੰਡ ਦੇ ਰਾਜਪਾਲ ਨੂੰ ਸਿਫ਼ਾਰਸ਼ ਕੀਤੀ ਹੈ ਕਿ ਹੇਮੰਤ ਸੋਰੇਨ ਨੂੰ ਵਿਧਾਇਕ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਜਾਵੇ। ਇਸ ਕਾਰਨ ਉਸ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਵੇਗਾ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਭਾਜਪਾ ਉਸ ਸਮੇਂ ਪੈਦਾ ਹੋਣ ਵਾਲੀ ਅਨਿਸ਼ਚਤਤਾ ਤੋਂ ਫ਼ਾਇਦਾ ਉਠਾ ਕੇ ਜੇਐੱਮਐੱਮ ਅਤੇ ਕਾਂਗਰਸ ਦੇ ਵਿਧਾਇਕਾਂ ਨੂੰ ਤੋੜਨਾ ਚਾਹੁੰਦੀ ਹੈ। 81 ਮੈਂਬਰਾਂ ਵਾਲੀ ਵਿਧਾਨ ਸਭਾ ਵਿਚ 30 ਮੈਂਬਰ ਜੇਐੱਮਐੱਮ ਦੇ ਹਨ, 18 ਕਾਂਗਰਸ ਦੇ ਤੇ ਇਕ ਰਾਸ਼ਟਰੀ ਜਨਤਾ ਦਲ ਦਾ। ਗੱਠਜੋੜ ਨੂੰ ਕੁਝ ਆਜ਼ਾਦ ਉਮੀਦਵਾਰਾਂ ਦੀ ਹਮਾਇਤ ਵੀ ਹਾਸਿਲ ਹੈ। ਰਾਜਪਾਲ ਨੇ ਹੁਣ ਤਕ ਕੇਂਦਰੀ ਚੋਣ ਕਮਿਸ਼ਨ ਦੇ ਪੱਤਰ ’ਤੇ ਕੋਈ ਫ਼ੈਸਲਾ ਨਹੀਂ ਕੀਤਾ ਹੈ। ਕਾਨੂੰਨੀ ਮਾਹਿਰ ਦੱਸ ਰਹੇ ਹਨ ਕਿ ਕੋਈ ਵੀ ਵਿਧਾਇਕ ਖਾਣ ਅਲਾਟ ਕਰਵਾਉਣ ਲਈ ਅਰਜ਼ੀ ਦੇ ਸਕਦਾ ਹੈ ਅਤੇ ਸਰਕਾਰ ਉਸ ਨੂੰ ਖਾਣ ਅਲਾਟ ਕਰ ਸਕਦੀ ਹੈ ਪਰ ਮੁੱਦਾ ਸਿਆਸੀ ਨੈਤਿਕਤਾ ਦਾ ਹੈ ਕਿ ਮੁੱਖ ਮੰਤਰੀ ਨੇ ਆਪਣੇ ਆਪ ਨੂੰ ਖਾਣ ਅਲਾਟ ਕਿਉਂ ਕੀਤੀ। ਇਸ ਤੋਂ ਵੀ ਵੱਡਾ ਮੁੱਦਾ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਵੱਲੋਂ ਪਾਰਟੀਆਂ ਵਿਚ ਕੀਤੀ ਜਾ ਰਹੀ ਭੰਨ-ਤੋੜ ਦਾ ਹੈ। ਕੁਝ ਹਫ਼ਤੇ ਪਹਿਲਾਂ ਭਾਜਪਾ ਨੇ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਨੂੰ ਅਜਿਹਾ ਤਲਖ਼ ਸਿਆਸੀ ਸਬਕ ਸਿਖਾਇਆ ਹੈ ਕਿ ਮਾਂ-ਪਾਰਟੀ ਬਿਲਕੁਲ ਬਿਖਰ ਗਈ ਹੈ। ਏਦਾਂ ਹੀ ਕਰਨਾਟਕ, ਮੱਧ ਪ੍ਰਦੇਸ਼ ਅਤੇ ਕਈ ਹੋਰ ਰਾਜਾਂ ਵਿਚ ਕੀਤਾ ਗਿਆ। ਆਮ ਆਦਮੀ ਪਾਰਟੀ ਇਲਜ਼ਾਮ ਲਗਾ ਰਹੀ ਹੈ ਕਿ ਭਾਜਪਾ ਨੇ ਦਿੱਲੀ ਦੇ ਵਿਧਾਇਕਾਂ ਨੂੰ ਤੋੜਨ ਲਈ ‘ਅਪਰੇਸ਼ਨ ਲੋਟਸ’ ਸ਼ੁਰੂ ਕੀਤਾ ਸੀ ਜੋ ਅਸਫ਼ਲ ਰਿਹਾ।
ਦਿੱਲੀ ਵਿਚ ਅਜਿਹੀ ਕੋਸ਼ਿਸ਼ ਅਸਫ਼ਲ ਰਹਿਣ ਦੇ ਕਈ ਕਾਰਨ ਹਨ: ਪਹਿਲਾ, ਦਿੱਲੀ ਵਿਚ ‘ਆਪ’ ਕੋਲ 62 ਵਿਧਾਇਕ ਹਨ ਅਤੇ ਏਨੀ ਵੱਡੀ ਬਹੁਗਿਣਤੀ ਵਾਲੀ ਵਿਧਾਇਕ ਪਾਰਟੀ ਨੂੰ ਤੋੜਨਾ ਆਸਾਨ ਨਹੀਂ ਹੈ; ਦੂਸਰਾ, ਇਨ੍ਹਾਂ ਵਿਧਾਇਕਾਂ ’ਚੋਂ ਬਹੁਤੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੀ ਉਪਜ ਕਾਰਨ ਇਹ ਜਾਣਦੇ ਹਨ ਕਿ ‘ਆਪ’ ਛੱਡ ਕੇ ਜਾਣ ਨਾਲ ਉਨ੍ਹਾਂ ਦਾ ਸਿਆਸੀ ਭਵਿੱਖ ਖ਼ਤਰੇ ਵਿਚ ਪੈ ਜਾਵੇਗਾ; ਤੀਸਰਾ, ਦਿੱਲੀ ਰਾਜਧਾਨੀ ਹੈ ਜਿੱਥੇ ਕੌਮੀ ਤੇ ਕੌਮਾਂਤਰੀ ਮੀਡੀਆ ਦੀ ਹਾਜ਼ਰੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹ ਵੱਖਰੀ ਗੱਲ ਹੈ ਕਿ ਇਸ ਵੇਲੇ ਦਿੱਲੀ ਦੀ ਸਰਕਾਰ ਤੇ ਕੇਂਦਰ ਸਰਕਾਰ ਵਿਚਕਾਰ ਚੱਲ ਰਿਹਾ ਟਕਰਾਓ ਵੀ ਦੇਸ਼ ਦੇ ਅਕਸ ’ਤੇ ਮਾੜਾ ਅਸਰ ਪਾ ਰਿਹਾ ਹੈ। ਝਾਰਖੰਡ ਵਿਚ ਜੇਐੱਮਐੱਮ ਕੋਲ 30 ਵਿਧਾਇਕ ਅਤੇ ਕਾਂਗਰਸ ਕੋਲ 18 ਵਿਧਾਇਕ ਹੋਣ ਕਾਰਨ ਉੱਥੇ ਭੰਨ-ਤੋੜ ਕਰਨੀ ਆਸਾਨ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਮੁੱਖ ਮੰਤਰੀ ਦੁਆਰਾ ਆਪਣੇ ਆਪ ਨੂੰ ਖਾਣ ਅਲਾਟ ਕਰਨ ਦੀ ਕਾਰਵਾਈ ਨੇ ਭਾਜਪਾ ਨੂੰ ਸਿਆਸੀ ਮੌਕਾ ਵੀ ਦਿੱਤਾ ਹੈ ਪਰ ਅਜਿਹੀ ਭੰਨ-ਤੋੜ ਦੇਸ਼ ਅਤੇ ਜਮਹੂਰੀਅਤ ਦੇ ਹੱਕ ਵਿਚ ਨਹੀਂ; ਖ਼ਾਸਕਰ ਖੇਤਰੀ ਪਾਰਟੀ ਦੀ ਭੰਨ-ਤੋੜ ਉਸ ਖ਼ਿੱਤੇ ਦੇ ਲੋਕਾਂ ਦੇ ਸਵੈਮਾਣ ਨਾਲ ਖੇਡਣ ਵਾਲੀ ਗੱਲ ਹੈ। ਪੰਜਾਬ ਵਿਚ ਅਜਿਹੀ ਖੇਡ ਕਈ ਵਾਰ ਖੇਡੀ ਗਈ ਹੈ ਅਤੇ ਉਸ ਦੇ ਸਿੱਟੇ ਕਦੇ ਵੀ ਚੰਗੇ ਨਹੀਂ ਨਿਕਲੇ। ਭਾਜਪਾ ਦਾ ਹਰ ਸੂਬੇ ਵਿਚ ਆਪਣੀ ਹਕੂਮਤ ਬਣਾਉਣ ਦਾ ਯਤਨ ਜਮਹੂਰੀਅਤ ਵਿਚ ਵਿਗਾੜ ਪਾਉਣ ਵਾਲਾ ਹੈ। ਉਹ ਦੇਸ਼ ਦੀ ਪ੍ਰਮੁੱਖ ਸਿਆਸੀ ਪਾਰਟੀ ਹੈ; ਉਸ ਨੂੰ ਜਮਹੂਰੀਅਤ ਲਈ ਪ੍ਰਤੀਬੱਧਤਾ ਦਿਖਾਉਣੀ ਚਾਹੀਦੀ ਹੈ।