ਪੱਤਰ ਪ੍ਰੇਰਕ
ਸੰਗਰੂਰ, 27 ਅਕਤੂਬਰ
ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਬਰਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ ਉਮੀਦਵਾਰ ਹੋਣਗੇ| ਗਿੰਦੀ ਬਰਨਾਲਾ ਜ਼ਿਲ੍ਹੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਦੂਜੇ ਉਮੀਦਵਾਰ ਹਨ, ਜਿਨ੍ਹਾਂ ਨੂੰ ਹਲਕੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ| ਇਸ ਤੋਂ ਪਹਿਲਾਂ ਪਾਰਟੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਸੰਤ ਸੁਖਵਿੰਦਰ ਸਿੰਘ ਟਿੱਬੇ ਵਾਲਿਆਂ ਨੂੰ ਹਲਕੇ ਦੀ ਜ਼ਿੰਮੇਵਾਰੀ ਸੰਭਾਲਣ ਦਾ ਐਲਾਨ ਕਰ ਚੁੱਕੀ ਹੈ| ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਬਰਨਾਲਾ ਹਲਕੇ ਦੀ ਸੰਗਤ ਵੱਲੋਂ ਸਰਬਸੰਮਤੀ ਨਾਲ ਗੁਰਵਿੰਦਰ ਗਿੰਦੀ ਦੇ ਹੱਕ ਵਿਚ ਪਾਸ ਮਤੇ ਨੂੰ ਪ੍ਰਵਾਨ ਕਰਦਿਆਂ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਸਲਾਹ ਮਸ਼ਵਰੇ ਪਿਛੋਂ ਇਹ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ| ਢੀਂਡਸਾ ਨੇ ਪਾਰਟੀ ਅੰਦਰਲੀ ਜਮਹੂਰੀਅਤ ਨੂੰ ਕਾਇਮ ਕਰਨ ਲਈ ਸਾਰੇ ਹਲਕਿਆਂ ਦੇ ਪਾਰਟੀ ਵਰਕਰਾਂ ਤੇ ਸਮੂਹ ਸੰਗਤ ਨੂੰ ਵੀ ਇਸੇ ਤਰ੍ਹਾਂ ਚੰਗੇ ਨੁਮਾਇੰਦੇ ਦੀ ਚੋਣ ਕਰਕੇ ਪਾਰਟੀ ਹਾਈਕਮਾਂਡ ਨੂੰ ਭੇਜਣ ਲਈ ਕਿਹਾ ਹੈ। ਇਸ ਮੌਕੇ ਢੀਂਡਸਾ ਦੇ ਮੀਡੀਆ ਸਲਾਹਕਾਰ ਗੁਰਮੀਤ ਸਿੰਘ ਜੌਹਲ, ਸੁਰਿੰਦਰ ਸਿੰਘ ਵਾਲੀਆ, ਰਵਿੰਦਰ ਸਿੰਘ ਰੰਮੀ ਆਦਿ ਹਾਜ਼ਰ ਸਨ|