ਪੱਤਰ ਪ੍ਰੇਰਕ
ਮੋਰਿੰਡਾ, 24 ਫਰਵਰੀ
ਮਾਲ ਵਿਭਾਗ ਦੀ ਗਲਤੀ ਖ਼ਮਿਆਜ਼ਾ ਭੁਗਤ ਰਹੇ ਕਿਸਾਨ ਨੂੰ ਰਿਕਾਰਡ ਠੀਕ ਕਰਾਉਣ ਲਈ 15 ਸਾਲਾਂ ਤੋਂ ਧੱਕੇ ਖਾਣੇ ਪੈ ਰਹੇ ਹਨ। ਅਮਰੀਕ ਸਿੰਘ ਪੁੱਤਰ ਸੀਤਲ ਸਿੰਘ ਵਾਸੀ ਪਿੰਡ ਫਤਿਹਗੜ੍ਹ ਚਟੌਲੀ ਅਤੇ ਉਸ ਦੇ ਕਰੀਬੀ ਰਿਸ਼ਤੇਦਾਰ ਅਵਤਾਰ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਪਿੰਡ ਖੇੜੀ ਜ਼ਿਲ੍ਹਾ ਰੂਪਨਗਰ ਨੇ ਲਿਖਤੀ ਤੌਰ ’ਤੇ ਦੋਸ਼ ਲਾਉਂਦਿਆਂ ਦੱਸਿਆ ਹੈ ਕਿ ਮਾਲ ਵਿਭਾਗ ਦੀ ਗਲਤੀ ਕਾਰਨ ਰਿਕਾਰਡ ਵਿੱਚ ਸੀਤਲ ਸਿੰਘ ਦੀ ਥਾਂ ’ਤੇ ਮਿੱਤਲ ਸਿੰਘ ਹੋ ਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਰਿਕਾਰਡ ਠੀਕ ਕਰਾਉਣ ਲਈ 15 ਸਾਲ ਲੱਗ ਗਏ। ਅਮਰੀਕ ਸਿੰਘ ਮੁਤਾਬਕ ਉਨ੍ਹਾਂ ਦੇ ਪਿਤਾ ਦੀ ਮੌਤ 2007 ਵਿੱਚ ਹੋ ਗਈ ਸੀ ਅਤੇ ਉਨ੍ਹਾਂ ਨੇ ਵਿਰਾਸਤੀ ਜਾਇਦਾਦ ਆਪਣੇ ਨਾਮ ਕਰਵਾਉਣ ਸਬੰਧੀ ਰਜਿਸਟਰਡ ਵਸੀਅਤ, ਮੌਤ ਦਾ ਸਰਟੀਫਿਕੇਟ ਅਤੇ ਹੋਰ ਸਾਰੇ ਦਸਤਾਵੇਜ਼ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਵੱਲੋਂ ਅੱਧੀ ਜ਼ਮੀਨ ’ਤੇ ਉਨ੍ਹਾਂ ਦੇ ਪਿਤਾ ਦਾ ਨਾਮ ਸੀਤਲ ਸਿੰਘ ਦੀ ਥਾਂ ਮਿੱਤਲ ਸਿੰਘ ਚੜ੍ਹਾ ਦਿੱਤਾ ਗਿਆ। ਬਾਅਦ ਵਿੱਚ ਮਹਿਕਮੇ ਵਲੋਂ ਦੱਸੇ ਗਏ ਹੋਰ ਦਸਤਾਵੇਜ਼ ਵੀ ਜਮ੍ਹਾਂ ਕਰਵਾਉਣ ਦੇ ਬਾਵਜੂਦ ਪਟਵਾਰੀ ਗਗਨਦੀਪ ਨੇ ਛੇ ਮਹੀਨਿਆਂ ਵਿੱਚ ਵੀਹ ਚੱਕਰ ਲਵਾ ਦਿੱਤੇ। ਇਸ ਸਬੰਧੀ ਮਿਲਣ ’ਤੇ ਤਹਿਸੀਲਦਾਰ ਮੋਰਿੰਡਾ ਵੱਲੋਂ ਪਟਵਾਰੀ ’ਤੇ ਦਬਾਅ ਪਾ ਕੇ ਫਰਦ ਬਦਰ ਤਾਂ ਬਣਵਾ ਦਿੱਤੀ ਗਈ। ਪਰ ਜਦੋਂ ਪਟਵਾਰੀ ਗਗਨਦੀਪ ਨੂੰ ਇੰਤਕਾਲ ਸਬੰਧੀ ਦੁਬਾਰਾ ਬੇਨਤੀ ਕੀਤੀ ਤਾਂ ਉਸ ਨੇ ਭੱਦੀ ਸ਼ਬਦਾਵਲੀ ਵਰਤ ਕੇ ਦਫ਼ਤਰ ਤੋਂ ਬਾਹਰ ਜਾਣ ਲਈ ਆਖਦਿਆਂ ਕਿਹਾ ਕਿ ਉਹ ਇੰਤਕਾਲ ਦਰਜ ਕਰਨ ਸਬੰਧੀ ਕੁੱਝ ਨਹੀਂ ਕਰ ਸਕਦਾ।
ਇੰਤਕਾਲ ਮੈਂ ਨਹੀਂ ਕਰਨਾ: ਪਟਵਾਰੀ
ਪਟਵਾਰੀ ਗਗਨਦੀਪ ਨੇ ਇਸ ਸਬੰਧੀ ਕਿਹਾ ਕਿ ਉਨ੍ਹਾਂ ਨੇ ਫਰਦ ਬਦਰ ਬਣਾ ਦਿੱਤੀ ਹੈ ਪਰ ਇੰਤਕਾਲ ਬਾਰੇ ਉਨ੍ਹਾਂ ਵੱਲੋਂ ਕੁਝ ਨਹੀਂ ਕੀਤਾ ਜਾਣਾ। ਜਦਕਿ ਮੋਰਿੰਡਾ ਦੇ ਤਹਿਸੀਲਦਾਰ ਗੁਰਮੰਦਰ ਸਿੰਘ ਦੱਸਿਆ ਕਿ ਅਮਰੀਕ ਸਿੰਘ ਦੇ ਮਾਲ ਰਿਕਾਰਡ ਵਿੱਚ ਉਨ੍ਹਾਂ ਦੇ ਪਿਤਾ ਦੇ ਨਾਮ ਵਿੱਚ ਗਲਤੀ ਦਰੁਸਤ ਕਰ ਦਿੱਤੀ ਗਈ ਹੈ ਅਤੇ ਇੰਤਕਾਲ ਵੀ ਛੇਤੀ ਹੀ ਕਰ ਦਿੱਤਾ ਜਾਵੇਗਾ।