ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਸਤੰਬਰ
ਜੇਕਰ ਕਰੋਨਾ ਮਹਾਮਾਰੀ ਦੇ ਹਾਲਾਤ ਠੀਕ ਰਹੇ ਤਾਂ ਇਸ ਵਾਰ ਦੀਆਂ ਕਿਸਾਨ ਅੰਦੋਲਨ ਨੂੰ ਸਮਰਪਿਤ ਮਾਡਰਨ ਪੇਂਡੂ ਮਿਨੀ ਓਲੰਪਿਕ ਜਰਖੜ ਖੇਡਾਂ 17-18 ਅਤੇ 19 ਦਸੰਬਰ ਨੂੰ ਹੋਣਗੀਆਂ। ਜਰਖੜ ਖੇਡਾਂ ਸਬੰਧੀ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਦੀ ਮੀਟਿੰਗ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਇੰਗਲੈਂਡ ਦੇ ਹੰਸਲੋ ਦੇ ਸਾਬਕਾ ਮੇਅਰ ਪ੍ਰੀਤਮ ਸਿੰਘ ਗਰੇਵਾਲ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਇੰਸਪੈਕਟਰ ਬਲਵੀਰ ਸਿੰਘ, ਨਿਰਮਲ ਸਿੰਘ ਨਿੰਮਾ ਡੇਹਲੋਂ, ਸਾਹਿਬਜੀਤ ਸਿੰਘ ਜਰਖੜ, ਤੇਜਿੰਦਰ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪਰਗਟ, ਤਰਨ ਜੋਧਾਂ, ਰਾਣਾ ਜੋਧਾਂ, ਯਾਦਵਿੰਦਰ ਸਿੰਘ ਤੂਰ ਆਦਿ ਨੇ ਹਿੱਸਾ ਲਿਆ। ਸ੍ਰੀ ਸਿੱਧੂ ਤੇ ਸ੍ਰੀ ਗਰੇਵਾਲ ਨੇ ਦੱਸਿਆ ਇਸ ਵਾਰ ਕਬੱਡੀ ਅਤੇ ਹਾਕੀ ਦਾ ਵੱਡੇ ਪੱਧਰ ’ਤੇ ਮਹਾਕੁੰਭ ਕਰਵਾਇਆ ਜਾਵੇਗਾ। ਆਲ ਓਪਨ ਕਬੱਡੀ ਕੱਪ ਨਾਇਬ ਸਿੰਘ ਗਰੇਵਾਲ ਜੋਧਾਂ ਦੀ ਯਾਦ ਵਿੱਚ ਹੋਵੇਗਾ ਜਦਕਿ ਹਾਕੀ ਕੱਪ ਮਹਿੰਦਰਪ੍ਰਤਾਪ ਸਿੰਘ ਗਰੇਵਾਲ ਦੀ ਯਾਦ ਵਿੱਚ ਕਰਵਾਇਆ ਜਾਵੇਗਾ। ਇਸ ਵਾਰ ਜਰਖੜ ਖੇਡਾਂ ਵਿੱਚ ਪਹਿਲੀ ਵਾਰ ਮੁੱਕੇਬਾਜ਼ੀ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਜਾਵੇਗੀ। ਹਾਕੀ ਮੁਕਾਬਲੇ ਮਹਿੰਦਰਪ੍ਰਤਾਪ ਗਰੇਵਾਲ ਟਰੱਸਟ ਵੱਲੋਂ ਸਪਾਂਸਰ ਹੋਣਗੇ ਜਦਕਿ ਕਬੱਡੀ ਕੱਪ ਪੰਜਾਬ ਸਪੋਰਟਸ ਕਬੱਡੀ ਕਲੱਬ ਸਿਆਟਲ ਮੋਹਣਾਂ ਜੋਧਾਂ ਹੋਰਾਂ ਦੀ ਪੂਰੀ ਟੀਮ ਵੱਲੋਂ ਸਪਾਂਸਰ ਹੋਵੇਗਾ।