ਖੇਤਰੀ ਪ੍ਰਤੀਨਿਧ
ਪਟਿਆਲਾ, 24 ਨਵੰਬਰ
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਪਟਿਆਲਾ ਜ਼ਿਲ੍ਹੇ ’ਚ 2.80 ਲੱਖ ਲਾਭਪਾਤਰੀਆਂ ਦੇ ਕਾਰਡ ਬਣਾਏ ਗਏ ਹਨ। ਜਿਨ੍ਹਾਂ ਵੱਚੋਂ 4800 ਨੂੰ 32 ਕਰੋੜ ਦੀਆਂ ਮੁਫ਼ਤ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਪਟਿਆਲਾ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਉਨ੍ਹਾਂ ਕਿਹਾ ਕਿ ਇਸ ਸਬੰਧੀ ਨਵੇਂ ਕਾਰਡ ਬਣਾਉਣ ਵਾਸਤੇ ਵਿਡਾਲ ਕੰਪਨੀ ਵੱਲੋਂ ਜ਼ਿਲ੍ਹੇ ’ਚ ਰੋਜ਼ਾਨਾ 20 ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਸੁਵਿਧਾ ਸਮਾਰਟ ਰਾਸ਼ਨ ਕਾਰਡ ਧਾਰਕ, ਕਿਰਤ ਵਿਭਾਗ ਕੋਲ ਰਜਿਸਟਰਡ ਕਾਮੇ, ਜੇ ਫਾਰਮ ਧਾਰਕ ਕਿਸਾਨ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਐਕਰੀਡੇਸ਼ਨ ਤੇ ਪੀਲ਼ਾ ਕਾਰਡ ਧਾਰਕ ਪੱਤਰਕਾਰ, ਆਬਕਾਰੀ ਤੇ ਕਰ ਵਿਭਾਗ ਵੱਲੋਂ ਰਜਿਸਟਰਡ ਲਾਭਪਾਤਰੀ ਵਪਾਰੀ ਆਦਿ ਹਾਸਲ ਕਰ ਸਕਦੇ ਹਨ।
ਖਸਤਾ ਹਾਲਤ ਸਰਹਿੰਦ ਰੋਡ ਦੀ ਮੁਰੰਮਤ ਬਾਰੇ ਕੈਬਨਿਟ ਮੰਤਰੀ ਨੇ ਦੱਸਿਆ ਕਿ 15 ਦਸੰਬਰ ਤੱਕ ਇਸ ਸੜਕ ਦੀ ਮੁਰੰਮਤ ਦਾ ਕੰਮ ਮੁਕੰਮਲ ਹੋ ਜਾਵੇਗਾ। ਮੰਤਰੀ ਨੇ ਇਹ ਵੀ ਕਿਹਾ ਕਿ ਲੋਕਾਂ ਦੇ ਨੁਮਾਇੰਦਿਆਂ ਵਜੋਂ ਨਾਮਜਦ ਕਮੇਟੀ ਮੈਂਬਰਾਂ ਵੱਲੋਂ ਲੋਕਾਂ ਦੀ ਭਲਾਈ ਲਈ ਫੀਡਬੈਕ ਸ਼ਿਕਾਇਤ ਨਿਵਾਰਨ ਕਮੇਟੀ ਰਾਹੀਂ ਸਰਕਾਰ ਤੱਕ ਪੁੱਜਦੀ ਕਰਨੀ ਸ਼ਲਾਘਾਯੋਗ ਉਪਰਾਲਾ ਹੈ। ਏਡੀਸੀ ਪੂਜਾ ਸਿਆਲ ਗਰੇਵਾਲ ਤੇ ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ ਵੱਲੋਂ ਚਲਾਈ ਗਈ ਮੀਟਿੰਗ ਦੀ ਇਸ ਕਾਰਵਾਈ ਦੌਰਾਨ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਵਿਸ਼ਵਾਸ਼ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ, ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰਾਂ ਵੱਲੋਂ ਉਠਾਏ ਮਸਲਿਆਂ ਦਾ ਨਿਪਟਾਰਾ ਤੁਰੰਤ ਕਰਨ ਲਈ ਵਚਨਬੱਧ ਰਹੇਗਾ। ਮੀਟਿੰਗ ’ਚ ਪੀਆਰਟੀਸੀ ਚੇਅਰਮੈਨ ਕੇਕੇ ਸ਼ਰਮਾ, ਮੇਅਰ ਸੰਜੀਵ ਬਿੱਟੂ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਕੇਕੇ ਮਲਹੋਤਰਾ, ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਬਹਾਦਰ ਖ਼ਾਨ, ਪੰਜਾਬ ਖਾਦੀ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਅਨਿਲ ਮਹਿਤਾ ਅਤੇ ਬਲਵਿੰਦਰ ਸ਼ਰਮਾ ਸਮੇਤ ਆਦਿ ਨੇ ਵੀ ਹਿੱਸਾ ਲਿਆ।