ਨਵੀਂ ਦਿੱਲੀ, 18 ਅਪਰੈਲ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ਵਿਚ ਕਰੋਨਾ ਰੋਕੂ ਟੀਕੇ ਦੀ ਤੀਜੀ ਡੋਜ਼ ਦੇ ਅਸਰ ਬਾਰੇ ਪਤਾ ਲਾਉਣ ਲਈ ਅਜੇ ਹੋਰ ਅੰਕੜੇ ਤੇ ਖੋਜ ਲੋੜੀਂਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਤੀਜਾ ਟੀਕਾ ਲਾਉਣ ਦੀ ਸਿਫਾਰਸ਼ ਅਨੁਮਾਨ ਤਹਿਤ ਹੀ ਕੀਤੀ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਜਾਰੀ ਅੰਕੜਿਆਂ ਅਨੁਸਾਰ ਦੇਸ਼ ਭਰ ਵਿਚ ਕੁੱਲ ਕਰੋਨਾ ਮਰੀਜ਼ਾਂ ਦੀ ਗਿਣਤੀ 1.47 ਕਰੋੜ ਤੋਂ ਪਾਰ ਹੋ ਚੁੱਕੀ ਹੈ ਤੇ ਐਕਟਿਵ ਕੇਸ 18 ਲੱਖ ਦਾ ਅੰਕੜਾ ਪਾਰ ਕਰ ਗਏ ਹਨ। ਇਸ ਤੋਂ ਪਹਿਲਾਂ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਦੇ ਮਾਹਿਰਾਂ ਨੇ ਭਾਰਤ ਬਾਇਓਟੈੱਕ ਨੂੰ ਮਨਜ਼ੂਰੀ ਦਿੱਤੀ ਸੀ ਕਿ ਉਹ ਕੋਵੈਕਸੀਨ ਦੀ ਤੀਜ਼ੀ ਡੋਜ਼ ਕਲੀਨੀਕਲ ਟਰਾਇਲ ਵਜੋਂ ਕੁਝ ਵਾਲੰਟੀਅਰਾਂ ਨੂੰ ਦੇ ਸਕਦੇ ਹਨ। ਇਸ ਵੇਲੇ ਯੋਗ ਵਿਅਕਤੀਆਂ ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ ਦੀ ਕੋਵੀਸ਼ੀਲਡ ਤੇ ਕੋਵੈਕਸੀਨ ਦੇ ਟੀਕੇ ਲਾਏ ਜਾ ਰਹੇ ਹਨ ਜਿਸ ਦੀਆਂ ਦੋ ਡੋਜ਼ ਅੱਠ ਹਫਤਿਆਂ ਦੇ ਫਰਕ ਦਰਮਿਆਨ ਲਾਈਆਂ ਜਾਂਦੀਆਂ ਹਨ। ਭਾਰਤ ਬਾਇਓਟੈਕ ਨੇ ਦੂਜੀ ਡੋਜ਼ ਤੋਂ ਛੇ ਮਹੀਨੇ ਬਾਅਦ ਬੂਸਟਰ ਡੋਜ਼ ਲਾਉਣ ਦਾ ਸੁਝਾਅ ਦਿੱਤਾ ਹੈ। ਮਾਹਿਰਾਂ ਨੇ ਕਿਹਾ ਹੈ ਕਿ ਤੀਜੀ ਡੋਜ਼ ਦੇ ਅਸਰ ਦਾ ਪਤਾ ਲਾਉਣ ਲਈ ਹਾਲੇ ਹੋਰ ਖੋਜ ਹੋਣੀ ਚਾਹੀਦੀ ਹੈ, ਇਸ ਨਾਲ ਇਹ ਪਤਾ ਲੱਗੇਗਾ ਕਿ ਤੀਜੀ ਡੋਜ਼ ਕੀਟਾਣੂਆਂ ਨੂੰ ਕਾਬੂ ਵਿਚ ਪਾਉਣ ਲਈ ਕਿੰਨੀ ਅਸਰਦਾਰ ਹੈ। -ਪੀਟੀਆਈ