ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ. ਨਗਰ (ਮੁਹਾਲੀ), 13 ਅਗਸਤ
ਇੱਥੋਂ ਦੇ ਸੈਕਟਰ 79 ਵਿੱਚ ਲਾਵਾਰਸ ਕੁੱਤਿਆਂ ਨੇ ਦਹਿਸ਼ਤ ਫੈਲਾਈ ਹੋਈ ਹੈ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈਂਦਾ ਹੈ। ਵਾਰਡ ਨੰਬਰ 32 ਦੇ ਕੌਂਸਲਰ ਹਰਜੀਤ ਸਿੰਘ ਭੋਲੂ ਅਤੇ ਸੈਕਟਰ 79 ਦੀ ਰੈਂਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹਰਦਿਆਲ ਚੰਦ ਬਡਬਰ ਨੇ ਦੱਸਿਆ ਕਿ ਸੈਕਟਰ 79 ਵਿੱਚ ਲਾਵਾਰਸ ਕੁੱਤਿਆਂ ਦੀ ਗਿਣਤੀ ਬਹੁਤ ਵਧ ਗਈ ਹੈ ਅਤੇ ਇਨ੍ਹਾਂ ਕੁੱਤਿਆਂ ਵੱਲੋਂ ਲੋਕਾਂ ਨੂੰ ਕੱਟੇ ਜਾਣ ਦੀਆਂ ਘਟਨਾਵਾਂ ਵੀ ਦਿਨੋਂ ਦਿਨ ਵਧ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਲੰਘੀ ਦਿਨੀਂ ਇੱਕੋ ਦਿਨ ਵਿੱਚ ਲਾਵਾਰਸ ਕੁੱਤਿਆਂ ਨੇ ਚਾਰ ਵਿਅਕਤੀਆਂ ਨੂੰ ਕੱਟ ਲਿਆ। ਸੈਕਟਰ ਵਾਸੀਆਂ ਵੱਲੋਂ ਨਗਰ ਨਿਗਮ ਵਿੱਚ ਸ਼ਿਕਾਇਤ ਕੀਤੇ ਜਾਣ ’ਤੇ ਵੀ ਜਦੋਂ ਕੋਈ ਕਾਰਵਾਈ ਨਾ ਹੋਈ ਤਾਂ ਲੋਕਾਂ ਨੇ ਪੱਲਿਓਂ ਪੈਸੇ ਖਰਚ ਕੇ ਪੰਚਕੂਲਾ ਤੋਂ ਕੁੱਤੇ ਫੜਨ ਵਾਲੀ ਟੀਮ ਸੱਦੀ ਜੋ ਕਿ ਦੋ ਕੁੱਤਿਆਂ ਨੂੰ ਫੜ ਕੇ ਲੈ ਗਈ ਜਦੋਂਕਿ ਬਾਕੀ ਕੁੱਤੇ ਭੱਜ ਗਏ। ਕੌਂਸਲਰ ਹਰਜੀਤ ਭੋਲੂ ਨੇ ਆਖਿਆ ਕਿ ਜੇਕਰ ਨਗਰ ਨਿਗਮ ਨੇ ਇਸ ਖੇਤਰ ਵਿੱਚੋਂ ਲਾਵਾਰਸ ਕੁੱਤਿਆਂ ਨੂੰ ਕਾਬੂ ਕਰਨ ਲਈ ਕੋਈ ਕਾਰਵਾਈ ਨਾ ਕੀਤੀ ਤਾਂ ਸਬੰਧਤ ਖੇਤਰ ਦੇ ਵਸਨੀਕ ਨਿਗਮ ਦਫ਼ਤਰ ਅੱਗੇ ਧਰਨਾ ਲਾਉਣ ਤੋਂ ਗੁਰੇਜ਼ ਨਹੀਂ ਕਰਨਗੇ।