ਪਾਲੀ ਰਾਮ ਬਾਂਸਲ
“ਰਾਜ ਭਰਾਵਾ! ਜੇ ਵਿਆਹ ਪਿੰਡ ਕਰਨਾ ਐ ਤਾਂ ਅਸੀਂ ਨਹੀਂ ਆ ਸਕਦੇ।” ਚਾਹ-ਪਾਣੀ ਪੀਣ ਤੋਂ ਬਾਅਦ ਦਿੜਬੇ ਤੋਂ ਆਏ ਮੇਰੇ ਫੁੱਫੜ ਜੀ ਨੇ ਮੇਰੇ ਪਿਤਾ ਨੂੰ ਸੰਬੋਧਨ ਹੁੰਦਿਆ ਕਿਹਾ।
“ਕੀ ਗੱਲ ਹੋਗੀ ਪ੍ਰਾਹੁਣਿਆ, ਗਲਤੀ ਹੋਗੀ ਸਾਡੇ ਕੋਲੋਂ ਕੋਈ?” ਮੇਰੇ ਪਿਤਾ ਜੀ ਨੇ ਚਿੰਤਾ ਜ਼ਾਹਿਰ ਕਰਦਿਆਂ ਪੁੱਛਿਆ।
“ਨਹੀਂ ਨਹੀਂ, ਤੁਹਾਡੇ ਕੋਲੋ ਤਾਂ ਕੋਈ ਗਲਤੀ ਨਹੀਂ ਹੋਈ ਪਰ ਮੇਰੀ ਆਪਣੇ ਹੋਰ ਰਿਸ਼ਤੇਦਾਰ ਨਾਲ ਵੀ ਗੱਲ ਹੋਈ ਐ, ਉਹ ਵੀ ਵਿਆਹ ਪਿੰਡ ਕਰਨ ਦੀ ਸੂਰਤ ਵਿਚ ਵਿਆਹ ਚ ਸਰੀਕ ਨਹੀਂ ਹੋਣਗੇ।”
ਫੁੱਫੜ ਦੀ ਗੱਲ ਨੇ ਪਿਤਾ ਜੀ ਦੀ ਚਿੰਤਾ ਹੋਰ ਵਧਾ ਦਿੱਤੀ, ਚਿੰਤਾ ਦੀਆਂ ਲਕੀਰਾਂ ਉਨ੍ਹਾਂ ਦੇ ਮੱਥੇ ਉੱਤੇ ਸਾਫ ਦਿਖਾਈ ਦੇ ਰਹੀਆਂ ਸੀ। ਚਾਹੁੰਦੇ ਹੋਏ ਵੀ ਦੋ ਸਿਆਣੇ ਅਤੇ ਬਜ਼ੁਰਗ ਬੰਦਿਆਂ ਦੀ ਗੱਲਬਾਤ ਵਿਚ ਹਿੱਸਾ ਲੈਣ ਦੀ ਮੇਰੀ ਜੁਰਅਤ ਨਹੀਂ ਹੋਈ।
ਗੱਲ ਜਨਵਰੀ 1991 ਦੀ ਹੈ। ਪੰਜਾਬ ਵਿਚ ਖਾੜਕੂਵਾਦ ਜ਼ੋਰਾਂ ਤੇ ਸੀ। ਅਸੀਂ ਸਾਰਾ ਪਰਿਵਾਰ ਪਿੰਡ ਈਲਵਾਲ ਹੀ ਰਹਿੰਦੇ ਸੀ, ਉਸ ਸਮੇਂ ਤੱਕ ਜਿ਼ਆਦਾਤਰ ਹਿੰਦੂ ਪਰਿਵਾਰ ਪਿੰਡ ਵਿਚੋਂ ਹਿਜਰਤ ਕਰ ਕੇ ਨੇੜਲੇ ਸ਼ਹਿਰ ਜਾਂ ਹਰਿਆਣੇ ਰਹਿਣ ਲੱਗ ਪਏ ਸੀ। ਸਾਡੇ ਬਹੁਤੇ ਰਿਸ਼ਤੇਦਾਰ ਤੇ ਮਿੱਤਰ-ਸਨੇਹੀ ਸਾਨੂੰ ਵੀ ਪਿੰਡ ਛੱਡ ਕੇ ਕਿਸੇ ਸੁਰੱਖਿਅਤ ਜਗ੍ਹਾ ਰਹਿਣ ਦਾ ਸੁਝਾਅ ਦਿੰਦੇ ਰਹਿੰਦੇ ਸੀ ਪਰ ਪਿੰਡ ਆਪਣੀ ਜ਼ਮੀਨ ਤੇ ਖੇਤੀ ਕਰਦੇ ਅਤੇ ਪਿੰਡ ਦੀ ਮਿੱਟੀ ਨਾਲ ਮੋਹ ਹੋਣ ਕਾਰਨ ਸਾਡੇ ਪਰਿਵਾਰ ਨੇ ਪਿੰਡ ਰਹਿਣਾ ਹੀ ਬਿਹਤਰ ਸਮਝਿਆ। ਮੇਰੇ ਵੱਡੇ ਭਰਾ ਜੋ ਭਾਰਤੀ ਹਵਾਈ ਸੈਨਾ ਵਿਚ ਬੰਗਲੌਰ ਸੇਵਾ ਨਿਭਾਅ ਰਿਹਾ ਸੀ, ਦਾ ਵਿਆਹ ਹੋਣਾ ਸੀ, ਵਿਆਹ ਦੇ ਕਾਰਡ ਸਾਰੇ ਰਿਸ਼ਤੇਦਾਰਾਂ ਤੇ ਮਿੱਤਰ-ਸਨੇਹੀਆਂ ਨੂੰ ਜਾ ਚੁੱਕੇ ਸੀ। ਵਿਆਹ ਵਾਲੇ ਕਾਰਡ ਵਿਚ ਵਿਆਹ ਦਾ ਸਥਾਨ ਵੀ ਪਿੰਡ ਦਾ ਹੀ ਲਿਖਿਆ ਹੋਇਆ ਸੀ। ਮਠਿਆਈ ਆਦਿ ਬਣਾਉਣ ਲਈ ਕੜਾਹੀ ਵੀ ਚੜ੍ਹ ਚੁੱਕੀ ਸੀ ਤੇ ਜਿ਼ਆਦਾਤਰ ਮਠਿਆਈ ਬਣ ਕੇ ਤਿਆਰ ਵੀ ਹੋ ਚੁੱਕੀ ਸੀ। ਪਿੰਡ ਵਿਚੋਂ ਮੰਜੇ-ਬਿਸਤਰੇ ਵੀ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਸੀ। ਉਸ ਸਮੇਂ ਦੇ ਰਿਵਾਜ਼ ਅਤੇ ਹਾਲਾਤ ਮੁਤਾਬਕ ਰਿਸ਼ਤੇਦਾਰਾਂ ਦੀ ਠਹਿਰ ਲਈ ਆਂਢ-ਗੁਆਂਢ ਦੀਆਂ ਬੈਠਕਾਂ-ਚੁਬਾਰੇ ਲੈ ਕੇ ਉੱਥੇ ਮੰਜੇ-ਬਿਸਤਰੇ ਲਾ ਦਿੱਤੇ ਸੀ।
ਹਕੀਕਤ ਇਹ ਸੀ ਕਿ ਭਰਾ ਦੇ ਵਿਆਹ ਵਾਲੇ ਦਿਨ ਤੋਂ 3-4 ਦਿਨ ਪਹਿਲਾਂ ਹੀ ਫੁੱਫੜ ਜੀ ਜੋ ਦਿੜਬਾ ਮੰਡੀ ਆੜ੍ਹਤੀ ਦਾ ਕੰਮ ਕਰਦੇ ਸੀ, ਨੂੰ ਫਿਰੌਤੀ ਲਈ ਧਮਕੀ ਭਰੀ ਚਿੱਠੀ ਆ ਗਈ ਸੀ ਕਿ ਫਲਾਣੀ-ਫਲਾਣੀ ਤਰੀਕ ਤੱਕ ਫਿਰੌਤੀ ਦੀ ਰਕਮ ਇਸ ਸਥਾਨ ਤੇ ਪਹੁੰਚਾ ਦਿਓ, ਨਹੀਂ ਤਾਂ ਸੋਧ ਦਿੱਤੇ ਜਾਓਗੇ। ਫੁੱਫੜ ਜੀ ਅਤੇ ਉਨ੍ਹਾਂ ਦਾ ਪਰਿਵਾਰ ਇਸ ਤੋਂ ਪੂਰਾ ਭੈਅ-ਭੀਤ ਹੋ ਗਿਆ ਸੀ, ਕਿਉਂਕਿ ਉਸ ਸਮੇਂ ਖਾੜਕੂਆਂ ਦੇ ਭੇਸ ਵਿਚ ਬਹੁਤ ਲੁਟੇਰੇ ਵਾਰਦਾਤਾਂ ਕਰਨ ਲੱਗ ਪਏ ਸੀ। ਇਹ ਲੁਟੇਰੇ ਆਪਣੀਆਂ ਧਮਕੀਆਂ ਨੂੰ ਅੰਜਾਮ ਵੀ ਦੇ ਰਹੇ ਸੀ।
ਖੈਰ! ਵਿਚਾਰ-ਵਟਾਂਦਰੇ ਤੋਂ ਬਾਅਦ ਸਾਡੇ ਪਰਿਵਾਰ ਨੇ ਸੋਚਿਆ ਕਿ ਜੇ ਰਿਸ਼ਤੇਦਾਰ ਹੀ ਨਾ ਆਏ ਤਾਂ ਵਿਆਹ ਦਾ ਸਵਾਦ ਹੀ ਖੱਟਾ ਹੋਵੇਗਾ, ਫਿਰ ਫੈਸਲਾ ਕੀਤਾ ਕਿ ਚਲੋ ਨੇੜਲੇ ਸ਼ਹਿਰ ਸੰਗਰੂਰ ਕਿਰਾਏ ਤੇ ਮਕਾਨ ਲੈ ਕੇ ਉੱਥੇ ਹੀ ਵਿਆਹ ਦੀਆਂ ਰਸਮਾਂ ਕਰ ਲੈਂਦੇ ਹਾਂ ਪਰ ਚਿੰਤਾ ਇਸ ਗੱਲ ਦੀ ਸੀ ਕਿ ਵਿਆਹ ਵਿਚ ਤਾਂ ਦੋ ਦਿਨ ਹੀ ਰਹਿੰਦੇ ਨੇ, ਇੰਨੀ ਜਲਦੀ ਸਾਰੇ ਇੰਤਜ਼ਾਮ ਕਿਵੇਂ ਹੋਣਗੇ? ਨਵੀਂ ਜਗ੍ਹਾ ਸਾਰਾ ਲੱਲਾ-ਖੱਖਾ ਇਕੱਠਾ ਕਰਨਾ ਕੋਈ ਖਾਲਾ ਜੀ ਦਾ ਵਾੜਾ ਤਾਂ ਹੈ ਨਹੀਂ ਸੀ ਪਰ ਮਰਦੀ ਕੀ ਨਾ ਕਰਦੀ!
ਸੰਗਰੂਰ ਆਪਣੇ ਜਾਣਕਾਰਾਂ ਦੀ ਬਦੌਲਤ ਸੰਗਰੂਰ ਸ਼ਹਿਰ ਵਿਚ ਬੱਸ ਸਟੈਂਡ ਦੇ ਨੇੜੇ ਹੀ ਘਰ ਕਿਰਾਏ ਤੇ ਮਿਲ ਗਿਆ। ਹੁਣ ਚਿੰਤਾ ਇਸ ਗੱਲ ਦੀ ਸੀ ਕਿ ਸਾਰੇ ਰਿਸ਼ਤੇਦਾਰ ਨੂੰ ਤਾਂ ਪ੍ਰੋਗਰਾਮ ਪਿੰਡ ਦਾ ਦਿੱਤਾ ਹੋਇਆ ਹੈ, ਤੇ ਬਾਰਾਤ ਤੋਂ ਇੱਕ ਦਿਨ ਪਹਿਲਾਂ ਪਿੰਡ ਦੇ ਗੁਰਦੁਆਰੇ ਵਿਚ ਆਖੰਡ ਪਾਠ ਦੇ ਭੋਗ ਵੀ ਰੱਖੇ ਹੋਏ ਸੀ, ਵਿਆਹ ਦੇ ਸਥਾਨ ਦੀ ਤਬਦੀਲੀ ਦਾ ਸੁਨੇਹਾ ਕਿਵੇਂ ਦੇਵਾਂਗੇ! ਉਨ੍ਹਾਂ ਸਮਿਆਂ ਵਿਚ ਮੋਬਾਇਲ ਫੋਨ ਤਾਂ ਦੂਰ, ਪਿੰਡ ਵਿਚ ਲੈਂਡਲਾਈਨ ਫੋਨ ਵੀ ਕਿਸੇ ਕੋਲ ਨਹੀਂ ਸੀ। ਨਾਲ ਹੀ ਉਨ੍ਹਾਂ ਸਮਿਆਂ ਵਿਚ ਆਉਣ-ਜਾਣ ਦੇ ਆਪਣੇ ਸਾਧਨ ਕਿਸੇ ਵਿਰਲੇ ਕੋਲ ਹੀ ਹੁੰਦੇ ਸੀ ਤੇ ਬੱਸ ਜਾਂ ਟੈਂਪੂ ਰਾਹੀਂ ਪਿੰਡਾਂ ਵਿਚ ਪਹੁੰਚਿਆ ਜਾ ਸਕਦਾ ਸੀ। ਸਾਡੇ ਪਿੰਡ ਦੋ ਜਗ੍ਹਾ ਤੇ ਬੱਸ/ਟੈਂਪੂ ਰੁਕਦੇ ਸੀ ਤੇ ਦੋ ਦਿਨ ਸਵੇਰ ਤੋ ਲੈ ਕੇ ਸ਼ਾਮ ਤੱਕ ਦੋਵੇਂ ਜਗ੍ਹਾ ਇੱਕ ਇੱਕ ਬੰਦਾ ਖੜ੍ਹਾਇਆ ਕਿ ਬੱਸ/ਟੈਂਪੂ ਉੱਤਰ ਕੇ ਜੇ ਕੋਈ ਸਾਡਾ ਘਰ ਪੁੱਛੇ ਜਾਂ ਕੋਈ ਬਾਹਰਲਾ ਬੰਦਾ ਆਵੇ ਤਾਂ ਦੱਸ ਦੇਣਾ ਕਿ ਵਿਆਹ ਲਈ ਸੰਗਰੂਰ ਇਸ ਸਥਾਨ ਤੇ ਪਹੁੰਚਣਾ ਹੈ।
ਬਰਾਤ ਤੋ ਇੱਕ ਦਿਨ ਪਹਿਲਾਂ ਪਿੰਡ ਦੇ ਗੁਰਦੁਆਰੇ ਆਖੰਡ ਪਾਠ ਦੇ ਭੋਗ ਦੀ ਰਸਮ ਤੋਂ ਬਾਅਦ ਜਲਦੀ ਜਲਦੀ ਲੋੜੀਂਦਾ ਸਾਮਾਨ ਟਰੈਕਟਰ-ਟਰਾਲੀ ਵਿਚ ਲੱਦ ਕੇ ਸੰਗਰੂਰ ਪਹੁੰਚੇ ਤੇ ਅਗਲੇ ਦਿਨ ਜੀਂਦ (ਹਰਿਆਣਾ) ਬਰਾਤ ਲੈ ਕੇ ਭਰਾ ਨੂੰ ਵਿਆਹੁਣ ਚਲੇ ਗਏ।
ਵਿਆਹ ਦੇ ਸਾਰੇ ਚਾਅ ਲਗਭਗ ਵਿਚੇ ਹੀ ਘੁਸੜ ਗਏ ਸੀ, ਫਿਰ ਵੀ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰ ਕੇ ਸੰਗਰੂਰ ਵਾਪਿਸ ਆ ਗਏ। ਉੱਥੇ ਕਿਰਾਏ ਤੇ ਲਿਆ ਮਕਾਨ ਬਿਲਕੁਲ ਓਪਰੀ ਜਗ੍ਹਾ ਹੋਣ ਅਤੇ ਆਂਢ-ਗੁਆਂਢ ਬਿਲਕੁਲ ਅਣਜਾਣ ਹੋਣ ਕਰ ਕੇ ਵਿਆਹ ਦੇ ਚਾਵਾਂ ਦਾ ਉਹ ਆਨੰਦ ਨਹੀਂ ਮਾਣਿਆ ਜਾ ਸਕਿਆ। … ਸਮਾਂ ਲੰਘਦਾ ਗਿਆ। ਕੁਝ ਸਮੇਂ ਬਾਅਦ ਪਤਾ ਲੱਗਿਆ ਕਿ ਫਿਰੌਤੀ ਦੀ ਚਿੱਠੀ ਕਿਸੇ ਭੇਤੀ ਨੇ ਹੀ ਲਿਖੀ ਸੀ। ਚਿੱਠੀ ਲਿਖਣ ਵਾਲੇ ਦਾ ਤਾਂ ਪਤਾ ਨਹੀਂ ਕੀ ਹੋਇਆ ਪਰ ਚਾਅ ਨਾਲ ਵਿਆਹ ਕਰਨ ਦੇ ਅਰਮਾਨ ਅਧੂਰੇ ਰਹਿ ਗਏ।
ਸੰਪਰਕ: 81465-80919