ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਮਈ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ ਸਮਾਜ ਵਿਗਿਆਨ ਵਿਭਾਗ ਦੇ ਰਿਸਰਚ ਫੈਲੋ ਸੁਮਿਤ ਕੁਮਾਰ (31) ਨੇ ਸ਼ੱਕੀ ਹਾਲਤ ’ਚ ਜ਼ਹਿਰੀਲਾ ਪਦਾਰਥ ਨਿਗਲ ਲਿਆ ਜਿਸ ਨਾਲ ਉਸਦੀ ਸਿਹਤ ਖਰਾਬ ਹੋ ਗਈ ਤੇ ਪਰਿਵਾਰ ਨੇ ਉਸਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਥਾਣਾ ਸਰਾਭਾ ਨਗਰ ਦੀ ਪੁਲੀਸ ਮੌਕੇ ’ਤੇ ਪੁੱਜੀ ਤੇ ਜਾਂਚ ਤੋਂ ਬਾਅਦ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ। ਥਾਣਾ ਸਰਾਭਾ ਨਗਰ ਦੀ ਇੰਚਾਰਜ ਸਬ ਇੰਸਪੈਕਟਰ ਸੁਨੀਤਾ ਕੁਮਾਰੀ ਨੇ ਦੱਸਿਆ ਕਿ ਸੁਮਿਤ ਇੱਥੇ ਆਪਣੀ ਪਤਨੀ ਨਾਲ ਆਸ਼ਾਪੁਰੀ ਇਲਾਕੇ ’ਚ ਕਿਰਾਏ ’ਤੇ ਰਹਿੰਦਾ ਸੀ। ਸੁਮਿਤ ਦੀ ਪਤਨੀ ਪੀਏਯੂ ’ਚ ਹੀ ਕੰਮ ਕਰਦੀ ਹੈ। ਮੰਗਲਵਾਰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਉਹ ਆਪਣੇ ਕਮਰੇ ’ਚ ਸੌਂ ਗਿਆ ਸੀ ਤੇ ਸਵੇਰੇ ਅਚਾਨਕ ਉਸਦੀ ਸਿਹਤ ਖਰਾਬ ਹੋ ਗਈ। ਉਸਨੂੰ ਪਤਨੀ ਵੱਲੋਂ ਪ੍ਰਾਈਵੇਟ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸਦੀ ਮੌਤ ਹੋ ਗਈ। ਸੁਨੀਤਾ ਕੁਮਾਰੀ ਨੇ ਦੱਸਿਆ ਕਿ ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ।