ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 10 ਮਈ
ਲੰਘੀ 9 ਮਈ ਨੂੰ ਸਰਹਿੰਦ ਨਹਿਰ ਦੇ ਪਵਾਤ ਪੁਲ ’ਤੇ ਦੋ ਕਾਰਾਂ ਦੀ ਆਹਮੋ-ਸਾਹਮਣੇ ਸਿੱਧੀ ਟੱਕਰ ਵਿੱਚ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਅਤੇ ਅੱਜ ਇਸ ਹਾਦਸੇ ਵਿੱਚ ਜ਼ਖ਼ਮੀ ਇੱਕ ਹੋਰ ਔਰਤ ਬਲਜੀਤ ਕੌਰ (41) ਵਾਸੀ ਢੰਡੇ ਵੀ ਦਮ ਤੋੜ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹੌਂਡਾ ਸਿਟੀ ਕਾਰ ਵਿੱਚ ਸਵਾਰ ਬੱਚਾ ਗੁਰਨੂਰ ਸਿੰਘ ਢੰਡੇ (10), ਹਰਗੁਨਪਨੀਤ ਸਿੰਘ ਵਾਸੀ ਬੌਂਦਲੀ, ਬਲਜੀਤ ਕੌਰ ਅਤੇ ਪ੍ਰੀਤਮ ਕੌਰ ਰੋਪੜ ਤੋਂ ਪਿੰਡ ਢੰਡੇ ਵੱਲ ਜਾ ਰਹੇ ਸਨ ਕਿ ਸਾਹਮਣੇ ਤੋਂ ਆ ਰਹੀ ਅਰਟਿਗਾ ਕਾਰ ਨਾਲ ਟੱਕਰ ਹੋ ਗਈ।
ਇਸ ਹਾਦਸੇ ਵਿੱਚ ਐੱਨ.ਆਰ.ਆਈ. ਮਿਲਨ ਸਹਿਗਲ ਅਤੇ ਹੌਂਡਾ ਸਿਟੀ ਕਾਰ ’ਚ ਸਵਾਰ ਪ੍ਰੀਤਮ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਬਾਕੀ ਸਾਰੇ ਜ਼ਖ਼ਮੀ ਹੋ ਗਏ ਸਨ ਜੋ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਸਨ।
ਅੱਜ ਇਲਾਜ ਦੌਰਾਨ ਹਾਦਸੇ ’ਚ ਮ੍ਰਿਤਕਾ ਪ੍ਰੀਤਮ ਕੌਰ ਦੀ ਧੀ ਬਲਜੀਤ ਕੌਰ ਵੀ ਦਮ ਤੋੜ ਗਈ ਅਤੇ ਡਾਕਟਰਾਂ ਵੱਲੋਂ ਕੀਤੀਆਂ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਾ ਜਾ ਸਕਿਆ। ਬਹਿਲੋਲਪੁਰ ਪੁਲੀਸ ਚੌਕੀ ਇੰਚਾਰਜ ਪ੍ਰਮੋਦ ਕੁਮਾਰ ਵੱਲੋਂ ਮ੍ਰਿਤਕਾ ਬਲਜੀਤ ਕੌਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤਾ। ਦੂਜੇ ਪਾਸੇ, ਪਿੰਡ ਢੰਡੇ ਦੀ ਵਾਸੀ ਮਾਂ-ਧੀ ਦੀ ਮੌਤ ਕਾਰਨ ਸੋਗ ਦਾ ਮਾਹੌਲ ਛਾਇਆ ਹੋਇਆ ਸੀ। ਮਾਛੀਵਾੜਾ ਪੁਲੀਸ ਵੱਲੋਂ ਇਸ ਹਾਦਸੇ ਵਿੱਚ ਅਰਟਿਗਾ ਕਾਰ ਦੇ ਚਾਲਕ ਮਨੀਸ਼ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਜੋ ਇਸ ਸਮੇਂ ਹਸਪਤਾਲ ’ਚ ਇਲਾਜ ਅਧੀਨ ਹੈ।