ਨਵੀਂ ਦਿੱਲੀ, 14 ਜੁਲਾਈ
ਕਾਂਗਰਸ ਨੇ ਅੱਜ ਕਿਹਾ ਕਿ ਉਹ ਆਪਣੀ 2 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ‘ਭਾਰਤ ਜੋੜੋ ਯਾਤਰਾ’ ਪਹਿਲਾਂ ਸ਼ੁਰੂ ਕਰ ਸਕਦੀ ਹੈ ਤੇ ਪਾਰਟੀ ਨੇ ਹਮਖਿਆਲੀ ਸਿਆਸੀ ਪਾਰਟੀਆਂ ਤੇ ਸਿਵਲ ਸੁਸਾਇਟੀ ਗਰੁੱਪਾਂ ਨੂੰ ਇਸ ਮਾਰਚ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਐਲਾਨ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਤੇ ਸੀਨੀਅਰ ਆਗੂ ਦਿਗਵਿਜੈ ਸਿੰਘ ਨੇ ਸੂਬਾਈ ਕਾਂਗਰਸ ਕਮੇਟੀ ਦੇ ਪ੍ਰਧਾਨਾਂ ਨਾਲ ਮੀਟਿੰਗ ਤੋਂ ਬਾਅਦ ਕੀਤਾ। ਇਹ ਯਾਤਰਾ ਕੰਨਿਆਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਕੱਢੀ ਜਾਵੇਗੀ। ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿਗਵਿਜੈ ਸਿੰਘ ਨੇ ਕਿਹਾ ਕਿ ਉਦੈਪੁਰ ’ਚ ਹੋਏ ਪਾਰਟੀ ਦੇ ਚਿੰਤਨ ਸ਼ਿਵਿਰ ਦੌਰਾਨ ਇਹ ਯਾਤਰਾ 2 ਅਕਤੂਬਰ ਨੂੰ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਹੁਣ ਯਾਤਰਾ ਪਹਿਲਾਂ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ। ਇਸੇ ਦੌਰਾਨ ਕਾਂਗਰਸ ਨੇ ਫ਼ੈਸਲਾ ਕੀਤਾ ਕਿ ਉਹ ਸੰਸਦ ਦੇ ਸ਼ੁਰੂ ਹੋਣ ਵਾਲੇ ਮੌਨਸੂਨ ਸੈਸ਼ਨ ਦੌਰਾਨ ਮਹਿੰਗਾਈ, ਬੇਰੁਜ਼ਗਾਰੀ, ਸੈਨਾ ’ਚ ਭਰਤੀ ਦੀ ਨਵੀਂ ‘ਅਗਨੀਪਥ ਯੋਜਨਾ’ ਅਤੇ ਲੋਕਾਂ ਨਾਲ ਸਬੰਧਤ ਹੋਰ ਮੁੱਦੇ ਦੋਵਾਂ ਸਦਨਾਂ ’ਚ ਚੁੱਕੇਗੀ। ਪਾਰਟੀ ਦੇ ਸੰਸਦੀ ਮਾਮਲਿਆਂ ਦੇ ਰਣਨੀਤਕ ਸਮੂਹ ਦੀ ਮੀਟਿੰਗ ’ਚ ਇਹ ਫ਼ੈਸਲਾ ਲਿਆ ਗਿਆ। ਮੀਟਿੰਗ ਦੀ ਪ੍ਰਧਾਨਗੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੀਤੀ। -ਪੀਟੀਆਈ