ਨਵੀਂ ਦਿੱਲੀ, 25 ਫਰਵਰੀ
ਸੁਪਰੀਮ ਕੋਰਟ ਨੇ ਫਿਲਮ ‘ਗੰਗੂਬਾਈ ਕਾਠੀਆਵਾੜੀ’ ਦੀ ਰਿਲੀਜ਼ ’ਤੇ ਰੋਕ ਲਾਉਣ ਵਾਲੀ ਪਟੀਸ਼ਨ ਖਾਰਜ ਕਰਦਿਆਂ ਕਿਹਾ ਕਿ ਫਿਲਮ ਪਹਿਲੀ ਨਜ਼ਰ ਵਿਚ ਕਾਨੂੰਨੀ ਮਾਪਦੰਡਾਂ ਦੇ ਅੰਦਰ ਰਹਿ ਕੇ ਕੀਤਾ ਗਿਆ ਕਲਾਤਮਕ ਪ੍ਰਗਟਾਵਾ ਲੱਗਦਾ ਹੈ। ਆਲੀਆ ਭੱਟ ਦੀ ਇਹ ਫਿਲਮ ਅੱਜ ਸੰਜੈ ਲੀਲਾ ਭੰਸਾਲੀ ਦੇ ‘ਭੰਸਾਲੀ ਪ੍ਰੋਡਕਸ਼ਨ ਪ੍ਰਾਈਵੇਟ ਲਿਮਿਟਡ’ ਦੇ ਬੈਨਰ ਹੇਠ ਰਿਲੀਜ਼ ਹੋ ਗਈ ਹੈ। ਇੰਦਰਾ ਬੈਨਰਜੀ ਅਤੇ ਜੇ.ਕੇ. ਮਹੇਸ਼ਵਰੀ ਦੇ ਬੈਂਚ ਨੇ ਬਾਬੂਜੀ ਰਾਵਜੀ ਸ਼ਾਹ ਦੀ ਪਟੀਸ਼ਨ ਖਾਰਜ ਕੀਤੀ ਹੈ। ਇਹ ਵਿਅਕਤੀ ਖੁਦ ਨੂੰ ਗੰਗੂਬਾਈ ਦਾ ਗੋਦ ਲਿਆ ਪੁੱਤਰ ਹੋਣ ਦਾ ਦਾਅਵਾ ਕਰਦਾ ਹੈ। ਇਹ ਫਿਲਮ ਕਥਿਤ ਤੌਰ ’ਤੇ ਗੰਗੂਬਾਈ ਦੇ ਜੀਵਨ ’ਤੇ ਆਧਾਰਿਤ ਹੈ।
ਅਦਾਲਤ ਨੇ ਬੀਤੇ ਦਿਨ ਇਹ ਪਟੀਸ਼ਨ ਖਾਰਜ ਕਰ ਦਿੱਤੀ ਸੀ ਅਤੇ ਅੱਜ ਵਿਸਥਾਰ ਵਿਚ ਸਾਂਝੇ ਕੀਤੇ ਗਏ ਆਪਣੇ ਹੁਕਮਾਂ ਵਿਚ ਅਦਾਲਤ ਨੇ ਕਿਹਾ ਕਿ ਅਜਿਹੀ ਕੋਈ ਸਮੱਗਰੀ ਨਹੀਂ ਹੈ, ਜਿਸ ਰਾਹੀਂ ਇਹ ਦੱਸਣ ਲਈ ਦਲੀਲ ਦਿੱਤੀ ਗਈ ਹੋਵੇ ਕਿ ਪਟੀਸ਼ਨਕਰਤਾ ਗੰਗੂਬਾਈ ਦਾ ਪਰਿਵਾਰਕ ਮੈਂਬਰ ਜਾਂ ਕਰੀਬੀ ਰਿਸ਼ਤੇਦਾਰ ਹੈ। ਇਸ ਤੋਂ ਇਲਾਵਾ ਵੀ ਕੋਈ ਖੁਲਾਸਾ ਨਹੀਂ ਕੀਤਾ ਗਿਆ। ਆਦੇਸ਼ ਵਿਚ ਕਿਹਾ ਗਿਆ ਹੈ, ‘‘ਪਟੀਸ਼ਨਕਰਤਾ ਦੀ ਦਲੀਲ ਹੈ ਕਿ ਗੰਗੂਬਾਈ ਦੀ ਜਿਹੜੀ ਕਹਾਣੀ ਫਿਲਮਾਈ ਗਈ ਹੈ, ਉਹ ਅਸਪਸ਼ਟ, ਝੂਠੀ ਅਤੇ ਭੌਤਿਕ ਵੇਰਵਿਆਂ ਤੋਂ ਰਹਿਤ ਹੈ। ਕਹਾਣੀ ਸੱਚੀ ਹੈ ਜਾਂ ਝੂਠੀ, ਇਸ ਦਾ ਫ਼ੈਸਲਾ ਅਦਾਲਤ ਵੱਲੋਂ ਜਾਂਚ ਤੋਂ ਬਾਅਦ ਕੀਤਾ ਜਾਵੇਗਾ।’’ ਅਦਾਲਤ ਨੇ ਕਿਹਾ ਕਿ ਸੀਬੀਐੱਫਸੀ ਵੱਲੋਂ ਜਾਰੀ ਫਿਲਮ ਸਰਟੀਫਿਕੇਟ ਪਹਿਲੀ ਨਜ਼ਰੇ ਇਹ ਦਰਸਾਉਂਦਾ ਹੈ ਕਿ ਫਿਲਮ ਵਿਚ ਮਾਣਹਾਨੀ ਵਰਗਾ ਕੁਝ ਨਹੀਂ ਹੈ। ਪਹਿਲੀ ਨਜ਼ਰੇ, ਅਜਿਹਾ ਲਗਦਾ ਹੈ ਕਿ ਫਿਲਮ ਕਾਨੂੰਨੀ ਮਾਪਦੰਡਾਂ ਅੰਦਰ ਰਹਿ ਕੇ ਕੀਤਾ ਗਿਆ ਕਲਾਤਮਕ ਪ੍ਰਗਟਾਵਾ ਹੈ। -ਪੀਟੀਆਈ