ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਭਾਜਪਾ ਵਿੱਚ ਅਚਾਨਕ ਸ਼ਾਮਲ ਹੋਣ ਮਗਰੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਊਸ ਦੇ ਗਠਨ ਦੀ ਉਮੀਦ ਬੱਝ ਗਈ ਹੈ। ਜ਼ਿਕਰਯੋਗ ਹੈ ਕਿ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਦਿੱਲੀ ਹਾਈ ਕੋਰਟ ਵਿੱਚ ਮਾਮਲਾ ਪਾਇਆ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋਸ਼ ਲਾਏ ਜਾ ਰਹੇ ਹਨ ਕਿ ਵਿਰੋਧੀਆਂ ਨੇ ਹੋਰ ਮੈਂਬਰਾਂ ਖ਼ਿਲਾਫ਼ ਵੀ ਮੁਕੱਦਮੇ ਦਰਜ ਕਰਵਾਏ ਹਨ, ਜਿਸ ਕਰ ਕੇ ਦਿੱਲੀ ਸਿੱਖ ਗੁਰਦੁਆਰਾ ਚੋਣ ਬੋਰਡ ਵੱਲੋਂ ਮੁਕੱਦਮਿਆਂ ਦੇ ਫ਼ੈਸਲੇ ਆਉਣ ਤੱਕ ਹਾਊਸ ਦਾ ਗਠਨ ਨਹੀਂ ਕੀਤਾ ਜਾ ਸਕਦਾ। ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਤੇ ‘ਜਾਗੋ’ ਦੇ ਨਿਸ਼ਾਨੇ ਉਪਰ ਮੁੱਖ ਤੌਰ ’ਤੇ ਮਨਜਿੰਦਰ ਸਿੰਘ ਸਿਰਸਾ ਸਨ। ਹੁਣ ਸ੍ਰੀ ਸਿਰਸਾ ਦੇ ਭਵਿੱਖ ਵਿੱਚ ਚੋਣ ਅਮਲ ਤੋਂ ਲਾਂਭੇ ਰਹਿਣ ਦੇ ਐਲਾਨ ਮਗਰੋਂ ਉਮੀਦ ਕੀਤੀ ਜਾ ਰਹੀ ਹੈ ਕਿ ਸਿਰਸਾ ਤੋਂ ਰੁੱਸੇ ਹੋਏ ਦਿੱਲੀ ਦੇ ਆਗੂ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦੇ ਹਨ। ਦੂਜੇ ਪਾਸੇ ਉਕਤ ਦੋਵੇਂ ਵਿਰੋਧੀ ਧਿਰਾਂ ਵਿੱਚ ਸ਼ੰਕੇ ਹਨ ਕਿ ਬਾਦਲ ਧੜੇ ਕੋਲ 30 ਮੈਂਬਰ ਹਨ ਤੇ ਹਾਊਸ ਗਠਨ ਮਗਰੋਂ ਵਿਰੋਧੀ ਖੇਮੇ ਦੇ 3-4 ਮੈਂਬਰ ਟੁੱਟ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦੇ ਹਨ। ਅਜਿਹੇ ਮੈਂਬਰਾਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਨਾਲ ਖਾਸੀ ਨੇੜਤਾ ਹੈ। ਇਸ ਸਬੰਧੀ ਜਦੋਂ ਸ਼੍ਰੋਮਣੀ ਅਕਾਲੀ ਦਲ ਧੜੇ ਦੇ ਕਈ ਜਿੱਤੇ ਹੋਏ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਜੋ ਹੁੰਦਾ ਹੈ ਚੰਗੇ ਲਈ ਹੀ ਹੁੰਦਾ ਹੈ।