ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 19 ਅਗਸਤ
ਇੱਥੇ ਗਰੀਬ ਢਾਬਾ ਮਾਲਕਾ ਕੋਲੋਂ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਐਕਸਾਈਜ਼ ਵਿਭਾਗ ਦੇ ਨਾਂ ਹੇਠ ਗੁੰਡਾ ਟੈਕਸ ਵਸੂਲ ਰਹੇ ਹਨ। ਇਸ ਸਬੰਧੀ ਪੀੜਤ ਢਾਬਾ ਮਾਲਕ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਇੰਡਸਟਰੀ ਕੰਪਲੈਕਸ ਵਿਖੇ ਢਾਬਾ ਕਰਦਾ ਹੈ ਪਰ ਸਰਕਲ ਗੋਇੰਦਵਾਲ ਸਾਹਿਬ ਦੇ ਸ਼ਰਾਬ ਠੇਕੇਦਾਰ ਆਪਣੇ ਕਰਿੰਦਿਆਂ ਰਾਹੀ ਪਿਛਲੇ ਕਈ ਮਹੀਨਿਆਂ ਤੋਂ ਐਕਸਾਈਜ਼ ਵਿਭਾਗ ਦੇ ਨਾਂ ਹੇਠ ਉਸ ਕੋਲੋਂ ਰੋਜ਼ਾਨਾ ਜਬਰੀ ਗੁੰਡਾ ਟੈਕਸ ਵਸੂਲ ਰਹੇ ਹਨ। ਉਸ ਨੇ ਭਰੇ ਮਨ ਨਾਲ ਦੱਸਿਆ ਕਿ ਬੀਤੀ ਸ਼ਾਮ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਨੇ ਦੋ ਵਰਦੀ ਧਾਰੀ ਪੁਲੀਸ ਮੁਲਾਜ਼ਮਾਂ ਨੂੰ ਲੈ ਕੇ ਉਸ ਕੋਲੋਂ ਵੱਧ ਪੈਸਿਆਂ ਦੀ ਮੰਗ ਕੀਤੀ ਗਈ ਜਦੋਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਨੇ ਢਾਬਾ ਬੰਦ ਕਰਵਾਉਣ ਅਤੇ ਝੂਠਾ ਕੇਸ ਪਵਾਉਣ ਦੀ ਧਮਕੀਆ ਦਿੱਤੀਆਂ। ਇਸ ਮੌਕੇ ਇਲਾਕੇ ਦੇ ਕੁੱਝ ਢਾਬਾ ਮਾਲਕਾ ਨੇ ਨਾਂਅ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਸਰਕਲ ਗੋਇੰਦਵਾਲ ਸਾਹਿਬ ਦੇ ਸ਼ਰਾਬ ਠੇਕੇਦਾਰ ਐਕਸਾਈਜ਼ ਵਿਭਾਗ ਦੇ ਨਾਂ ਹੇਠ ਹਰੇਕ ਢਾਬਾ ਮਾਲਕ ਕੋਲੋ ਧੱਕੇਸ਼ਾਹੀ ਨਾਲ ਮਹੀਨਾ ਵਸੂਲ ਰਹੇ ਹਨ। ਮਹੀਨਾ ਨਾ ਦੇਣ ਦੀ ਸੂਰਤ ਵਿੱਚ ਸ਼ਰਾਬ ਠੇਕੇਦਾਰ ਦੇ ਕਰਿੰਦੇ ਕਈ ਵਾਰ ਸਮਾਨ ਤੱਕ ਚੁੱਕ ਕੇ ਲੈ ਜਾਂਦੇ ਹਨ। ਪੀੜਤ ਢਾਬਾ ਮਾਲਕਾਂ ਨੇ ਕੈਪਟਨ ਸਰਕਾਰ ਕੋਲੋ ਸ਼ਰਾਬ ਠੇਕੇਦਾਰਾ ਦੀ ਧੱਕੇਸ਼ਾਹੀ ਖਿਲਾਫ ਕਾਰਵਾਈ ਦੀ ਮੰਗ ਕਰਦਿਆ ਕਿਹਾ ਹੈ ਕਿ ਲੌਕਡਾਊਨ ਕਾਰਨ ਉਹ ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਹੇ ਹਨ ਉਨ੍ਹਾਂ ਨੂੰ ਸ਼ਰਾਬ ਠੇਕੇਦਾਰਾਂ ਦੀ ਗੁੰਡਾਗਰਦੀ ਤੋਂ ਬਚਾਇਆ ਜਾਵੇ।
ਐਕਸਾਈਜ਼ ਵਿਭਾਗ ਵੱਲੋਂ ਜਾਂਚ ਦਾ ਭਰੋਸਾ
ਇਸ ਸਬੰਧੀ ਐਕਸਾਈਜ਼ ਵਿਭਾਗ ਦੇ ਈਟੀਓ ਨਵਤੇਜ ਭਾਰਤੀ ਨੇ ਕਿਹਾ ਕਿ ਉਹ ਐਕਸਾਈਜ਼ ਵਿਭਾਗ ਦੇ ਨਾਂ ਹੇਠ ਗੁੰਡਾ ਟੈਕਸ ਵਸੂਲਣ ਵਾਲੇ ਸ਼ਰਾਬ ਠੇਕੇਦਾਰਾਂ ਵਿਰੁੱਧ ਜਾਂਚ ਉਪਰੰਤ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਉਣ ਤੋਂ ਗੁਰੇਜ ਨਹੀ ਕਰਨਗੇ। ਜੇ ਕਿਸੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਦੀ ਮਿਲੀਭੁਗਤ ਸਾਹਮਣੇ ਆਈ ਤਾ ਸਖਤ ਕਾਰਵਾਈ ਹੋਵੇਗੀ।
ਇਸ ਤਰ੍ਹਾਂ ਹੀ ਵਸੂਲੀ ਕਰਾਂਗੇ: ਠੇਕੇਦਾਰ
ਢਾਬਾ ਮਾਲਕਾਂ ਤੋਂ ਕੀਤੀ ਜਾ ਰਹੀ ਕਥਿਤ ਵਸੂਲੀ ਬਾਰੇ ਜਦੋਂ ਸ਼ਰਾਬ ਠੇਕੇਦਾਰਾਂ ਦਾ ਪੱਖ ਜਣਿਆ ਗਿਆ ਤਾਂ ਸ਼ਰਾਬ ਠੇਕੇਦਾਰ ਜਗਦੀਪ ਸਿੰਘ ਦੀਪ ਨੇ ਢਾਬਿਆਂ ਤੋਂ ਕੀਤੀ ਜਾ ਰਹੀ ਵਸੂਲੀ ਦੀ ਗੱਲ ਕਬੂਲਦਿਆਂ ਕਿਹਾ ਕਿ ਉਹ ਇਸ ਤਰ੍ਹਾਂ ਹੀ ਵਸੂਲੀ ਕਰਨਗੇ ਅਤੇ ੇ ਉਹ ਪੱਤਰਕਾਰਾਂ ਨੂੰ ਦੱਸਣਾ ਜ਼ਰੂਰੀ ਨਹੀ ਸਮਝਦਾ ਅਤੇ ਉਹ ਐਕਸਾਈਜ਼ ਵਿਭਾਗ ਨੂੰ ਜਵਾਬਦੇਹ ਹਨ ।