ਪੱਤਰ ਪ੍ਰੇਰਕ
ਅਟਾਰੀ, 13 ਜੂਨ
ਪੰਚਾਇਤ ਵਿਭਾਗ ਵੱਲੋਂ ਪਿੰਡ ਗੁਮਾਨਪੁਰਾ ’ਚ 276 ਏਕੜ ਸ਼ਾਮਲਾਟ, ਜੁਮਲਾ ਮਸਤਰਕਾ ਮਾਲਕਾਨਾ ਤੇ ਪੰਚਾਇਤੀ ਜ਼ਮੀਨ ਦੇ 152 ਅਬਾਦਕਾਰਾਂ ਦੀ ਜ਼ਮੀਨ ’ਤੇ ਧੱਕੇ ਨਾਲ 10 ਜੂਨ ਨੂੰ ਭਾਰੀ ਫੋਰਸ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਨੂੰ ਐਡਵੋਕੇਟ ਕਰਤਾਰ ਸਿੰਘ ਦੀ ਅਗਵਾਈ ’ਚ ਪਿੰਡ ਵਾਸੀਆਂ ਵੱਲੋਂ ਅਸਫਲ ਬਣਾ ਦਿੱਤਾ ਗਿਆ ਸੀ ਜਿਸ ਕਾਰਨ ਪ੍ਰਸ਼ਾਸਨ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ ਸੀ। ਇਸ ਮਾਮਲੇ ਸਬੰਧੀ ਅੱਜ ਪਿੰਡ ਵਾਸੀਆਂ ਨੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਬੁਲਾ ਕੇ ਯੂਨੀਅਨ ਦੀ ਅਗਵਾਈ ’ਚ ਸੰਘਰਸ਼ ਕਰਨ ਲਈ ਗੁਰਦੁਆਰਾ ਲਹਿੰਦੀ ਪੱਤੀ ’ਚ ਮੀਟਿੰਗ ਕੀਤੀ ਜਿਸ ’ਚ ਪੰਚਾਇਤ ਮੰਤਰੀ, ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੇ ਪੰਜਾਹ ਸਾਲਾਂ ਤੋਂ ਵੱਧ ਸਮੇਂ ਤੋਂ ਜ਼ਮੀਨਾਂ ਆਬਾਦ ਕਰਕੇ ਵਾਹ ਰਹੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਬੇਦਖਲ ਕਰਨ ਦੇ ਨਾਦਰਸ਼ਾਹੀ ਫੁਰਮਾਨ ਨੂੰ ਰੋਕਣ ਲਈ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ’ਚ ਨੌਜਵਾਨਾਂ ਤੇ ਪ੍ਰਭਾਵਿਤ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਸੂਬਾ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ, ਜ਼ਿਲ੍ਹਾ ਖਜ਼ਾਨਚੀ ਮੇਜਰ ਸਿੰਘ ਕੜਿਆਲ ਨੇ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ 152 ਪਰਿਵਾਰ ਥੋੜ੍ਹੀ-ਥੋੜ੍ਹੀ ਜ਼ਮੀਨ ਵਾਹ ਕੇ ਆਪਣੇ ਪਰਿਵਾਰ ਪਾਲ ਰਹੇ ਹਨ। ਪੰਚਾਇਤ ਮੰਤਰੀ, ਪੰਚਾਇਤ ਵਿਭਾਗ ਤੇ ਪ੍ਰਸ਼ਾਸਨ ਆਪਣੇ ਲੋਕ ਵਿਰੋਧੀ ਖ਼ਾਸੇ ਅਨੁਸਾਰ ਲੋਕਾਂ ਦੀ ਰੋਜ਼ੀ-ਰੋਟੀ ਖੋਹ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਰੁਜ਼ਗਾਰ ਦੇਣ ਦੀ ਥਾਂ ਉਨ੍ਹਾਂ ਨੂੰ ਬੇਰੁਜ਼ਗਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਪੰਜਾਬ ਸਰਕਾਰ ਦੀ ਕਹਿਣੀ ਤੇ ਕਰਨੀ ’ਚ ਵੱਡਾ ਅੰਤਰ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਸ ਮਾਮਲੇ ’ਚ ਬਿਆਨ ਦੇ ਚੁੱਕੇ ਹਨ ਕਿ ਪੰਚਾਇਤੀ ਜ਼ਮੀਨਾਂ ਤੋਂ ਅਬਾਦਕਾਰਾਂ ਨੂੰ ਬੇਦਖਲ ਨਹੀਂ ਕੀਤਾ ਜਾਵੇਗਾ ਸਗੋਂ ਅਬਾਦਕਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣਗੇ। ਪੰਚਾਇਤ ਮੰਤਰੀ ਤੇ ਪ੍ਰਸ਼ਾਸਨ ਮੁੱਖ ਮੰਤਰੀ ਦੇ ਬਿਆਨ ਤੋਂ ਉਲਟ ਕਾਰਵਾਈ ਕਰਕੇ ਅਬਾਦਕਾਰਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਇਸ ਦਾ ਵਿਰੋਧ ਕਰੇਗੀ ਤੇ ਕਿਸੇ ਕੀਮਤ ’ਤੇ ਜ਼ਮੀਨ ’ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਸੰਘਰਸ਼ ਲੜਨ ਲਈ ਪਿੰਡ ਗੁਮਾਨਪੁਰਾ ਦੀ 19 ਮੈਂਬਰੀ ਜ਼ਮੀਨ ਬਚਾਓ ਕਮੇਟੀ ਬਣਾਈ ਗਈ ਜਿਸ ’ਚ ਐਡਵੋਕੇਟ ਕਰਤਾਰ ਸਿੰਘ ਪ੍ਰਧਾਨ, ਸਤਨਾਮ ਸਿੰਘ ਮੀਤ ਪ੍ਰਧਾਨ, ਅਕਾਸ਼ਦੀਪ ਸਿੰਘ ਸਕੱਤਰ, ਸੁਖਮਨਦੀਪ ਸਿੰਘ ਖਜ਼ਾਨਚੀ ਤੇ ਰਣਜੀਤ ਸਿੰਘ ਪ੍ਰੈੱਸ ਸਕੱਤਰ ਸਰਬਸੰਮਤੀ ਨਾਲ ਚੁਣੇ ਗਏ।