ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਥਾਣੇ ’ਚ ਡੱਕੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ। ਸੀਨੀਅਰ ਆਗੂਆਂ ਅਤੇ ਕਾਰਕੁਨਾਂ ਵੱਲੋਂ ਕੀਤੇ ਗਏ ਸੱਤਿਆਗ੍ਰਹਿ ਦੌਰਾਨ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ ਸੀ। ਘੰਟਿਆਂ ਬੱਧੀ ਮੰਦਿਰ ਮਾਰਗ ਥਾਣੇ ਵਿੱਚ ਉਹ ਪਿਆਸੇ ਬੈਠੇ ਰਹੇ। ਪਾਰਟੀ ਨੇ ਦੋਸ਼ ਲਾਇਆ ਕਿ ਵੱਡੀ ਉਮਰ ਦੀਆਂ ਔਰਤਾਂ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ ਸਨ। ਹਿਰਾਸਤ ਵਿੱਚ ਲਏ ਗਏ ਪਾਰਟੀ ਕਾਰਕੁਨਾਂ ਨੂੰ ਮਿਲਣ ਲਈ ਪ੍ਰਿੰਯਕਾ ਗਾਂਧੀ ਵਾਡਰਾ ਤੁਗਲਕ ਰੋਡ ਥਾਣੇ ਪੁੱਜੀ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ। ਪਾਰਟੀ ਵੱਲੋਂ ਦੋਸ਼ ਲਾਇਆ ਗਿਆ ਕਿ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਕੇ ਸੀ ਵੇਣੂਗੋਪਾਲ ਨਾਲ ਪੁਲੀਸ ਨੇ ਕੁੱਟਮਾਰ ਕੀਤੀ। ਉਨ੍ਹਾਂ ਕੁੱਟਮਾਰ ਦਾ ਵੀਡੀਓ ਟਵੀਟ ਕਰਦਿਆਂ ਲਿਖਿਆ, ‘ਕਾਂਗਰਸੀ ਸੱਤਿਆਗ੍ਰਹੀਆਂ ਦੇ ਉਤਸ਼ਾਹ ਅਤੇ ਭਾਵਨਾ ਤੋਂ ਘਬਰਾ ਕੇ ਤਾਨਾਸ਼ਾਹੀ ਸਰਕਾਰ ਬੇਰਹਿਮੀ ’ਤੇ ਉਤਰ ਆਈ ਹੈ।’ ਕਾਂਗਰਸੀ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਵੀ ਪੁਲੀਸ ’ਤੇ ਦੁਰਵਿਹਾਰ ਕਰਨ ਦਾ ਦੋਸ਼ ਲਗਾਇਆ ਹੈ। ਚੌਧਰੀ ਨੇ ਤੁਗਲਕ ਰੋਡ ਥਾਣੇ ਦੇ ਐੱਸਐੱਚਓ ਨੂੰ ਇਸ ਸਬੰਧੀ ਪੱਤਰ ਵੀ ਲਿਖਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਕਹਿਰ ਦੌਰਾਨ ਉਨ੍ਹਾਂ ਦੇ ਮੂੰਹ ’ਤੇ ਸੱਟ ਲੱਗੀ ਹੈ। ਉਨ੍ਹਾਂ ਕੁੱਟਮਾਰ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਲਈ ਵੀ ਕਿਹਾ ਹੈ। ਸੀਨੀਅਰ ਆਗੂ ਪੀ ਚਿਦੰਬਰਮ ਨੇ ਟਵੀਟ ਕਰ ਕੇ ਦੋਸ਼ ਲਗਾਇਆ ਕਿ ਤਿੰਨ ਭਾਰੀ-ਭਰਕਮ ਪੁਲੀਸ ਵਾਲੇ ਉਨ੍ਹਾਂ ਵਿੱਚ ਆ ਕੇ ਵੱਜੇ। ਉਨ੍ਹਾਂ ਕਿਹਾ ਕਿ ਡਾਕਟਰਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਖੱਬੀ ਪਸਲੀ ਵਿੱਚ ਮਾਮੂਲੀ ਫਰੈਕਚਰ ਹੋ ਗਿਆ ਹੈ।