ਮੁਕੰਦ ਸਿੰਘ ਚੀਮਾ
ਸੰਦੌੜ, 12 ਅਪਰੈਲ
ਨੇੜਲੇ ਪਿੰਡ ਬਿਸ਼ਨਗੜ੍ਹ ਵਿਖੇ ਸਥਿਤ ਬਿਜਲੀ ਗਰਿੱਡ ਅੱਗੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ 24 ਘੰਟੇ ਘਰਾਂ ਵਾਲੀ ਸਪਲਾਈ ਵਿਚ ਸਵੇਰੇ ਸ਼ਾਮ ਲੱਗ ਰਹੇ ਬਿਜਲੀ ਦੇ ਕੱਟਾਂ ਤੋਂ ਦੁਖੀ ਹੋਏ ਕਿਸਾਨਾਂ ਨੇ ਧਰਨਾ ਲਗਾ ਕੇ ਪਾਵਰਕੌਮ ਖਿਲਾਫ ਨਾਅਰੇਬਾਜ਼ੀ ਕੀਤੀ।
ਕਿਸਾਨਾਂ ਦਾ ਦੋਸ਼ ਹੈ ਕਿ ਬਿਜਲੀ ਮਹਿਕਮੇ ਵੱਲੋਂ ਰੋਜ਼ਾਨਾ ਸਵੇਰੇ ਸ਼ਾਮ ਕੱਟ ਲਗਾ ਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਹਿਮਦਗੜ੍ਹ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ ਪਾਵਰਕੌਮ ਦੇ ਐਸਡੀਓ ਹਾਕਮ ਸਿੰਘ ਨੂੰ ਇਸ ਸਬੰਧੀ ਮੰਗ ਪੱਤਰ ਵੀ ਸੌਂਪਿਆ।
ਬਲਾਕ ਪ੍ਰਧਾਨ ਸ਼ੇਰ ਸਿੰਘ ਮਹੋਲੀ ਖੁਰਦ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਅਮਰਜੀਤ ਸਿੰਘ ਧਲੇਰ ਨੇ ਕਿਹਾ ਕਿ ਇਕੱਲੇ ਬਿਸ਼ਨਗੜ੍ਹ ਗਰਿੱਡ ਵੱਲੋਂ ਹੀ ਸ਼ਾਮ ਵੇਲੇ ਰੋਜ਼ਾਨਾ ਕੱਟ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਖਾਣਾ ਬਣਾਉਣ ਅਤੇ ਖਾਣਾ ਖਾਣ ਦੇ ਸਮੇਂ ਲੱਗਦੇ ਕੱਟਾਂ ਕਾਰਣ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰੇ ਦੇ ਰੋਜ਼ੇ ਹੋਣ ਕਾਰਣ ਉਹ ਵੀ ਪ੍ਰੇਸ਼ਾਨ ਹੋ ਰਹੇ ਹਨ।
ਕਿਸਾਨਾਂ ਨੇ ਕਿਹਾ ਕਿ ਹਰੇ ਚਾਰੇ ਅਤੇ ਇਲਾਕੇ ਦੇ ਕਈ ਪਿੰਡਾਂ ਵਿਚ ਸਬਜ਼ੀਆਂ ਅਤੇ ਮੱਕੀ ਦੀ ਫਸਲ ਦੀ ਸਿੰਚਾਈ ਨੂੰ ਦੇਖਦੇ ਹੋਏ ਰੋਜ਼ਾਨਾ ਚਾਰ ਘੰਟੇ ਖੇਤੀਬਾੜੀ ਲਈ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਸਕੱਤਰ ਗੁਰਮੇਲ ਸਿੰਘ, ਹੁਸ਼ਿਆਰ ਸਿੰਘ ਮਹੌਲੀ, ਗੋਲੂ ਕੰਗਣਵਾਲ, ਜਰਨੈਲ ਸਿੰਘ ਬਿਸਨਗੜ, ਰਾਜਿੰਦਰ ਸਿੰਘ ਭੋਗੀਵਾਲ,ਮਨਜੀਤ ਸਿੰਘ ਫਰਵਾਲੀ, ਇਕਬਾਲ ਸਿੰਘ ਸੰਦੌੜ, ਸਵਰਨ ਸਿੰਘ ਦੁਲਮਾਂ , ਨਛੱਤਰ ਸਿੰਘ ਝਨੇਰ, ਹਰਬੰਸ ਸਿੰਘ ਮਾਣਕੀ, ਰਸ਼ਪਾਲ ਸਿੰਘ ਪਾਲਾ, ਹਰਦਿਆਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਅਤੇ ਕਿਸਾਨ ਹਾਜ਼ਰ ਸਨ।