ਪਰਸ਼ੋਤਮ ਬੱਲੀ
ਬਰਨਾਲਾ, 1 ਜਨਵਰੀ
ਸੇਵਾਵਾਂ ਰੈਗੂਲਰ ਕਰਨ ਦੀ ਮੰਗ ਲਈ ਹੜਤਾਲ ’ਤੇ ਚੱਲ ਰਹੇ ਕੌਮੀ ਸਿਹਤ ਮਿਸ਼ਨ (ਐੱਨ.ਐੱਚ.ਐੱਮ.) ਮੁਲਾਜ਼ਮਾਂ ਵੱਲੋਂ ਅੱਜ ਨਵੇਂ ਸਾਲ ਦੀ ਸ਼ੁਰੂਆਤ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਕੀਤੀ ਗਈ। ਐੱਨਐੱਚਐੱਮ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਭਾਵੇਂ ਨਵੇਂ ਸਾਲ ਦੀ ਸ਼ੁਰੂਆਤ ਆਮ ਤੌਰ ’ਤੇ ਇੱਕ ਦੂਜੇ ਨੂੰ ਵਧਾਈਆਂ ਦੇ ਸੰਦੇਸ਼ ਦੇ ਕੇ ਕੀਤੀ ਜਾਂਦੀ ਹੈ ਅਤੇ ਸਾਲ ਦੇ ਪਹਿਲੇ ਦਿਨ ਦੀ ਸ਼ੁਰੂਆਤ ਸ਼ੁੱਭ ਕੰਮ ਕਰਕੇ ਕੀਤੀ ਜਾਂਦੀ ਹੈ ਪਰ ‘ਕੱਚੇ’ ਹੋਣ ਦਾ ਸੰਤਾਪ ਹੰਢਾਉਣ ਕਾਰਨ ਉਹ ਚੰਨੀ ਸਰਕਾਰ ਖਿਲਾਫ ਰੋਸ ਜ਼ਾਹਿਰ ਕਰ ਰਹੇ ਹਨ। ਆਗੂਆਂ ਕਿਹਾ ਕਿ ਜਦ ਤੱਕ ਸਰਕਾਰ ਕੱਚੇ ਕਾਮਿਆਂ ਨੂੰ ਰੈਗੂਲਰ ਨਹੀਂ ਕਰਦੀ, ਤਦ ਤੱਕ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਬਠਿੰਡਾ (ਮਨੋਜ ਸ਼ਰਮਾ): ਸਿਹਤ ਵਿਭਾਗ ਤੇ ਰੂਰਲ ਹੈਲਥ ਫਾਰਮੇਸੀ ਆਫਿਸਰਜ਼ ਐਸੋਸੀਏਸ਼ਨ (ਪੰਚਾਇਤ ਵਿਭਾਗ) ਅਤੇ ਉਨ੍ਹਾਂ ਨਾਲ ਕੰਮ ਕਰਦੇ ਦਰਜਾ ਚਾਰ ਕਰਮਚਾਰੀਆ ਯੂਨੀਅਨ ਦੀ ਧਰਨੇ ਦੌਰਾਨ ਮੀਟਿੰਗ ਹੋਈ, ਜਿਸ ਵਿੱਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨਾਲ ਮੀਟਿੰਗ ਬੇਸਿੱਟਾ ਰਹਿਣ ’ਤੇ ਸਮੂਹ ਮੁਲਾਜ਼ਮਾਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜ ਰਾਣੀ, ਸੁਨੀਲ ਕੁਮਾਰ ਅਤੇ ਦਰਜਾ ਚਾਰ ਆਗੂ ਰਣਜੀਤ ਕੁਮਾਰ ਨੇ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ 2017 ਵਿਚ ਕਾਂਗਰਸ ਨੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਸਰਕਾਰ ਬਣਦੇ ਸਾਰ ਹੀ ਸੇਵਾਵਾਂ ਰੈਗੂਲਰ ਕੀਤੀਆਂ ਜਾਣਗੀਆਂ ਪਰ 5 ਸਾਲ ਬੀਤਣ ਦੇ ਬਾਵਜੂਦ ਵੀ ਸੇਵਾਵਾਂ ਰੈਗੂਲਰ ਨਹੀਂ ਕੀਤੀਆਂ ਗਈਆਂ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।