ਨਵੀਂ ਦਿੱਲੀ, 15 ਫਰਵਰੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਗਣਤੰਤਰ ਦਿਵਸ ਪਰੇਡ ਦੇ ਬਿਹਤਰੀਨ ਮਾਰਚਿੰਗ ਦਸਤਿਆਂ ਨੂੰ ਟਰਾਫੀਆਂ ਸੌਂਪੀਆਂ। ਇਸ ਵਰ੍ਹੇ ਦੀ ਟਰਾਫ਼ੀ ਜਾਟ ਰੈਜੀਮੈਂਟਲ ਸੈਂਟਰ ਅਤੇ ਦਿੱਲੀ ਪੁਲੀਸ ਨੂੰ ਭੇਟ ਕੀਤੀ ਗਈ ਹੈ।
ਤਿੰਨੋਂ ਸੈਨਾਵਾਂ ਵਿਚੋਂ ‘ਦਿ ਜਾਟ ਰੈਜੀਮੈਂਟਲ ਸੈਂਟਰ’ ਨੇ ਬਿਹਤਰੀਨ ਮਾਰਚਿੰਗ ਦਸਤੇ ਦੀ ਟਰਾਫ਼ੀ ਹਾਸਲ ਕੀਤੀ ਜਦਕਿ ਦਿੱਲੀ ਪੁਲੀਸ ਨੇ ਕੇਂਦਰੀ ਹਥਿਆਰਬੰਦ ਪੁਲੀਸ ਫੋਰਸ ਅਤੇ ਹੋਰਨਾਂ ਸਹਾਇਕ ਬਲਾਂ ਦੇ ਵਰਗ ਵਿੱਚੋਂ ਇਹ ਟਰਾਫ਼ੀ ਹਾਸਲ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਰੱਖਿਆ ਮੰਤਰੀ ਨੇ ਜਾਟ ਰੈਜੀਮੈਂਟਲ ਸੈਂਟਰ ਦੀ ਹਿੰਮਤ ਅਤੇ ਬਹਾਦਰੀ ਤੇ ਅਸਰਦਾਰ ਢੰਗ ਨਾਲ ਵਧੀਕ ਜ਼ਿੰਮੇਵਾਰੀ ਨਿਭਾਉਣ ਲਈ ਦਿੱਲੀ ਪੁਲੀਸ ਦੀ ਸ਼ਲਾਘਾ ਕੀਤੀ। ਰੱਖਿਆ ਮੰਤਰੀ ਨੇ ਕਿਹਾ, ‘ਦਿੱਲੀ ਭਾਰਤੀ ਗਣਤੰਤਰ ਦਾ ਮੁੱਖ ਕੇਂਦਰ ਹੈ। ਇਸ ਲਈ ਸਾਰੇ ਵਿਰੋਧੀਆਂ ਦੇ ਨਿਸ਼ਾਨੇ ’ਤੇ ਵੀ ਹੁੰਦਾ ਹੈ। ਇਹ ਬਹੁਤ ਸ਼ਲਾਘਾਯੋਗ ਹੈ ਕਿ ਕੌਮੀ ਰਾਜਧਾਨੀ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਤੇ ਭਲਾਈ ਯਕੀਨੀ ਬਣਾਉਣ ਦੇ ਨਾਲ ਨਾਲ ਦਿੱਲੀ ਪੁਲੀਸ ਨੇ ਲਗਾਤਾਰ ਸਰਵੋਤਮ ਮਾਰਚਿੰਗ ਦਸਤੇ ਦੀ ਟਰਾਫੀ ਜਿੱਤੀ ਹੈ।’ ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਪਰੇਡ ਦੌਰਾਨ ਵੱਖ ਵੱਖ ਦਸਤਿਆਂ ਵੱਲੋਂ ਕੀਤਾ ਜਾਣ ਵਾਲਾ ਮਾਰਚ ਪਾਰਟ ਦੇਸ਼ ਦੀ ਅਨੇਕਤਾ ’ਚ ਏਕਤਾ ਦਾ ਪ੍ਰਤੀਕ ਹੈ।
ਇਸ ਮੌਕੇ ਰੱਖਿਆ ਸਟਾਫ ਦੇ ਮੁਖੀ (ਸੀਡੀਐੱਸ) ਜਨਰਲ ਬਿਪਿਨ ਰਾਵਤ, ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ, ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਆਰਕੇਐੱਸ ਭਦੌਰੀਆ, ਥਲ ਸੈਨਾ ਮੁਖੀ ਜਨਰਲ ਐੱਮਐੱਮ ਨਰਵਾਣੇ ਅਤੇ ਰੱਖਿਆ ਸਕੱਤਰ ਅਜੈ ਕੁਮਾਰ ਵੀ ਹਾਜ਼ਰ ਸਨ। -ਪੀਟੀਆਈ