ਦਿਲਬਾਗ ਸਿੰਘ ਗਿੱਲ
ਅਟਾਰੀ, 14 ਅਗਸਤ
ਪਾਕਿਸਤਾਨ ਦੇ 75ਵੇਂ ਆਜ਼ਾਦੀ ਦਿਵਸ ਮੌਕੇ ਅਟਾਰੀ-ਵਾਹਗਾ ਸਰਹੱਦ ਦੀ ਸਾਂਝੀ ਜਾਂਚ ਚੌਕੀ ’ਤੇ ਪਾਕਿਸਤਾਨ ਰੇਂਜਰ ਤੇ ਸੀਮਾ ਸੁਰੱਖਿਆ ਬਲ ਵਿਚਕਾਰ ਮਠਿਆਈ ਦਾ ਆਦਾਨ-ਪ੍ਰਦਾਨ ਹੋਇਆ। ਪਾਕਿਸਤਾਨ ਰੇਂਜਰ ਦੇ ਵਿੰਗ ਕਮਾਂਡਰ ਮੁਹੰਮਦ ਆਮਿਰ ਅਹਿਮਦ ਨੇ ਅਟਾਰੀ-ਵਾਹਗਾ ਸਰਹੱਦ ’ਤੇ ਸੀਮਾ ਸੁਰੱਖਿਆ ਬਲ ਦੀ 144ਵੀਂ ਬਟਾਲੀਅਨ ਦੇ ਕਮਾਂਡੈਂਟ ਜਸਬੀਰ ਸਿੰਘ ਨੂੰ ਮਠਿਆਈ ਦੇ ਡੱਬੇ ਭੇਟ ਕਰਕੇ ਆਜ਼ਾਦੀ ਦਿਵਸ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਗੌਰਤਲਬ ਹੈ ਕਿ ਕੌਮਾਂਤਰੀ ਸਰਹੱਦ ਅਟਾਰੀ-ਵਾਹਗਾ ਸਥਿਤ ਸਾਂਝੀ ਜਾਂਚ ਚੌਕੀ ’ਤੇ ਤਾਇਨਾਤ ਭਾਰਤ-ਪਾਕਿਸਤਾਨ ਦੀਆਂ ਸਰਹੱਦੀ ਸੁਰੱਖਿਆ ਫੋਰਸਾਂ ਸੀਮਾ ਸੁਰੱਖਿਆ ਬਲ ਤੇ ਪਾਕਿਸਤਾਨ ਰੇਂਜਰਜ਼ ਵਿਚਾਲੇ ਆਜ਼ਾਦੀ ਦਿਹਾੜੇ, ਦਿਵਾਲੀ, ਈਦ-ਉਲ-ਫਿਤਰ ਅਤੇ ਤਿਉਹਾਰਾਂ ਮੌਕੇ ਇੱਕ-ਦੂਜੇ ਨੂੰ ਮਠਿਆਈ ਭੇਟ ਕੀਤੀ ਜਾਂਦੀ ਹੈ।