ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 12 ਅਪਰੈਲ
ਪਿੰਡ ਕਲਿਆਣਾ ਵਿੱਚ ਰੇਲਵੇ ਵਿਭਾਗ ਦੀ ਜ਼ਮੀਨ ’ਤੇ ਵਸੀ ਬਾਜ਼ੀਗਰ ਕਲੋਨੀ ਵਾਸੀਆਂ ਨੂੰ ਇਕ ਵਾਰ ਫਿਰ ਕਲੋਨੀ ਖਾਲੀ ਕਰਨ ਦਾ ਨੋਟਿਸ ਮਿਲਿਆ ਹੈ। ਨੋਟਿਸ ਦੇ ਮੁਤਾਬਕ 12 ਅਪਰੈਲ ਨੂੰ ਰੇਲਵੇ ਵਿਭਾਗ ਵਲੋਂ ਕਲੋਨੀ ਖਾਲੀ ਕਰਾਉਣ ਲਈ ਕਾਰਵਾਈ ਕੀਤੀ ਜਾਵੇਗੀ। ਇਸ ਕਰਕੇ ਕਲੋਨੀ ਵਾਸੀਆਂ ਵਿਚ ਹੜਕੰਪ ਮਚ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2 ਅਪਰੈਲ ਨੂੰ ਜੀਆਰਪੀ ਦੀ ਮੌਜੂਦਗੀ ਵਿਚ ਪੀਲੇ ਪੰਜੇ ਨੇ ਕਰੀਬ 35040 ਘਰ ਦੇ ਕਮਰਿਆਂ ਨੂੰ ਢਹਿ-ਢੇਰੀ ਕਰ ਦਿੱਤਾ ਸੀ। ਉਸ ਕਾਰਵਾਈ ਤੋਂ ਬਾਅਦ ਹੁਣ ਫਿਰ ਰੇਲਵੇ ਵਿਭਾਗ ਨੇ ਬਾਜ਼ੀਗਰ ਬਸਤੀ ਨੂੰ ਖਾਲੀ ਕਰਨ ਦਾ ਨੋਟਿਸ ਚਿਪਕਾ ਦਿੱਤਾ ਹੈ। ਕਾਰਵਾਈ ਦੇ ਡਰ ਤੋਂ ਕਲੋਨੀ ਵਾਸੀ ਅਮਰਜੀਤ ਸਿੰਘ ਚਮਕ ਦੀ ਅਗਵਾਈ ਵਿਚ ਲੋਕ ਸਾਬਕਾ ਮੰਤਰੀ ਕ੍ਰਿਸ਼ਨ ਬੇਦੀ ਨੂੰ ਮਿਲੇ ਹਨ, ਜਿਸ ’ਤੇ ਸਾਬਕਾ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਰੇਲਵੇ ਵਿਭਾਗ ਨੂੰ ਲਿਖਤੀ ਪੱਤਰ ਦੇ ਕੇ ਕਾਰਵਾਈ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।