ਡਾ. ਆਗਿਆ ਜੀਤ ਸਿੰਘ
ਮਾਨਸਿਕ ਸਿਹਤ ਦੀ ਸਮੱਸਿਆ ਅੱਜ ਬਹੁਤ ਗੰਭੀਰ ਬਣ ਗਈ ਹੈ। ਪੱਛਮੀ ਦੇਸ਼ਾਂ ਵਿਚ, ਖਾਸ ਕਰ ਕੇ ਸੰਸਾਰ ਦੇ ਸਭ ਤੋਂ ਵਧ ਵਿਕਸਤ ਦੇਸ਼ ਅਮਰੀਕਾ ਵਿਚ, ਜਿਥੇ ਜ਼ਿੰਦਗੀ ਦੀ ਦੌੜ-ਭੱਜ ਬਹੁਤ ਤੇਜ਼ ਹੈ, ਹਰ ਦਸਵਾਂ ਵਿਅਕਤੀ ਮਾਨਸਿਕ ਉਲਝਣ ਤੇ ਰੋਗ ਦਾ ਸ਼ਿਕਾਰ ਹੈ ਅਤੇ ਉਸਨੂੰ ਮਾਨਸਿਕ ਉਲਝਣਾਂ ਤੇ ਰੋਗਾਂ ਦੇ ਇਲਾਜ ਲਈ ਮਾਨਸਿਕ ਹਸਪਤਾਲਾਂ ਵਿਚ ਜਾਣਾ ਪੈਂਦਾ ਹੈ ਪਰ ਜਿਨ੍ਹਾਂ ਦੀਆਂ ਉਲਝਣਾਂ ਘੱਟ ਗੰਭੀਰ ਹੁੰਦੀਆਂ ਹਨ, ਉਨ੍ਹਾਂ ਨੂੰ ਚਿਕਿਤਸਕ ਮਨੋਵਿਗਿਆਨੀਆਂ ਦੀ ਸਹਾਇਤਾ ਲੈਣੀ ਪੈਂਦੀ ਹੈ। ਅੱਜ-ਕੱਲ੍ਹ ਬਹੁਤ ਸਾਰੀਆਂ ਸਰੀਰਕ ਬੀਮਾਰੀਆਂ ਦਰਅਸਲ ਵਿਚ ਮਾਨਸਿਕ ਹੀ ਹੁੰਦੀਆਂ ਹਨ, ਭਾਵੇਂ ਇਕ ਆਮ ਮਨੁੱਖ ਉਨ੍ਹਾਂ ਨੂੰ ਮਾਨਸਿਕ ਨਹੀਂ ਸਮਝਦਾ। ਬਹੁਤ ਸਾਰੇ ਡਾਕਟਰਾਂ ਅਨੁਸਾਰ ਬਹੁਤੇ ਰੋਗੀ ਜਿਹੜੇ ਉਨ੍ਹਾਂ ਪਾਸ ਸਰੀਰਕ ਵਿਕਾਰਾਂ ਦਾ ਇਲਾਜ ਕਰਵਾਉਣ ਲਈ ਆਉਂਦੇ ਹਨ, ਦਰਅਸਲ ਉਨ੍ਹਾਂ ਦੇ ਰੋਗਾਂ ਦਾ ਕਾਰਨ ਡਰ, ਚਿੰਤਾ ਜਾਂ ਕੋਈ ਹੋਰ ਮਨੋਵਿਗਿਆਨਕ ਹੀ ਹੁੰਦਾ ਹੈ। ਉਨ੍ਹਾਂ ਦੀਆਂ ਜ਼ਿਆਦਾ ਤਕਲੀਫਾ ਮਾਨਸਿਕ ਹੀ ਹੁੰਦੀਆਂ ਹਨ, ਭਾਵੇਂ ਉਨ੍ਹਾਂ ਦੇ ਚਿੰਨ੍ਹ ਸਰੀਰਕ ਹੀ ਹੁੰਦੇ ਹਨ। ਜਿਵੇਂ ਇਕ ਵਿਅਕਤੀ ਜਿਹੜਾ ਕਿਸੇ ਮਾਨਸਿਕ ਸੰਘਰਸ਼ ਦਾ ਮਰੀਜ਼ ਹੈ, ਹਮੇਸ਼ਾ ਇਹੀ ਸ਼ਿਕਾਇਤ ਕਰਦਾ ਹੈ ਕਿ ਸਾਰੀ ਰਾਤ ਸੌਣ ਦੇ ਬਾਵਜੂਦ ਜਦ ਉਹ ਸਵੇਰੇ ਉਠਦਾ ਹੈ ਤਾਂ ਉਹ ਥਕਿਆ ਹੋਇਆ ਮਹਿਸੂਸ ਕਰਦਾ ਹੈ, ਉਸ ਦਾ ਸਾਰਾ ਸਰੀਰ ਆਰਾਮ ਕਰਨ ਦੇ ਬਾਅਦ ਵੀ ਟੁੱਟਦਾ ਰਹਿੰਦਾ ਹੈ। ਇਸ ਲਈ ਇਹ ਸੱਚਾਈ ਹੈ ਕਿ ਡਾਕਟਰ ਰੋਗੀ ਦੀ ਸਰੀਰਕ ਹਾਲਤ ਦੇ ਨਾਲ-ਨਾਲ ਮਾਨਸਿਕ ਹਾਲਤ ਨੂੰ ਵੀ ਜਾਣੇ।
ਕਈ ਹੋਰ ਉਦਾਹਰਨਾਂ ਵੀ ਦਿੱਤੀਆਂ ਜਾ ਸਕਦੀਆਂ ਹਨ, ਜਿਨ੍ਹਾਂ ਤੋਂ ਮਾਨਸਿਕ ਰੋਗ ਸਪੱਸ਼ਟ ਨਜ਼ਰ ਆਉਂਦੇ ਹਨ। ਜਿਵੇਂ ਸਕੂਲ ਜਾਂ ਕਾਲਜ ਵਿਚ ਇਕ ਬੁੱਧੀਮਾਨ ਵਿਦਿਆਰਥੀ ਆਪਣੀ ਪੜ੍ਹਾਈ ਵਿਚ ਸਫਲਤਾ ਪ੍ਰਾਪਤ ਨਾ ਕਰ ਸਕੇ ਅਤੇ ਹਮੇਸ਼ਾ ਇਹੀ ਸ਼ਿਕਾਇਤ ਕਰਦਾ ਰਹੇ ਕਿ ਉਹ ਆਪਣੀ ਪੜ੍ਹਾਈ ਵਿਚ ਪੂਰਾ ਮਨ ਨਹੀਂ ਲਗਾ ਸਕਦਾ। ਇਸ ਦਾ ਕਾਰਨ ਭਾਵਾਤਮਕ ਅਪਸਮਾਯੋਜਨ ਹੋ ਸਕਦਾ ਹੈ। ਕਿਸੇ ਦਫਤਰ ਵਿਚ ਕੋਈ ਕਰਮਚਾਰੀ ਆਪਣੇ ਸਹਿਯੋਗੀਆਂ ਨਾਲ ਬਣਾ ਕੇ ਨਾ ਰੱਖ ਸਕੇ, ਆਪਣੇ ਅਫਸਰਾਂ ਨਾਲ ਲੜਦਾ-ਝਗੜਦਾ ਰਹੇ ਜਾਂ ਹਮੇਸ਼ਾ ਸਿਰਦਰਦ ਦੀ ਸ਼ਿਕਾਇਤ ਕਰੇ ਅਤੇ ਡਾਕਟਰ ਉਸ ਦਾ ਇਲਾਜ ਕਰਨ ਤੋਂ ਅਸਮਰਥ ਹੋ ਜਾਣ, ਇਹ ਵੀ ਮਨੋਵਿਗਿਆਨਕ ਸਮੱਸਿਆ ਹੈ ਅਤੇ ਇਕ ਮਨੋਵਿਗਿਆਨੀ ਹੀ ਇਸ ਦਾ ਕਾਰਨ ਲੱਭ ਕੇ ਉਸ ਵਿਅਕਤੀ ਦੀ ਸਹਾਇਤਾ ਕਰ ਸਕਦਾ ਹੈ। ਜ਼ਿੰਦਗੀ ਵਿਚ ਅਜਿਹੀਆਂ ਕਈ ਹੋਰ ਮਾਨਸਿਕ ਉਲਝਣਾਂ ਮਿਲਦੀਆਂ ਹਨ ਜਿਵੇਂ ਕਿ ਜੇ ਇਕ ਜਵਾਨ ਪਤੀ ਹਮੇਸ਼ਾ ਹੀ ਆਪਣੀ ਪਤਨੀ ਨਾਲ ਦੁਰਵਿਹਾਰ ਕਰੇ ਜਾਂ ਆਤਮ-ਹੱਤਿਆ ਕਰਨ ਦੀ ਧਮਕੀ ਦਿੰਦਾ ਰਹੇ, ਇਕ ਵਿਅਕਤੀ ਹਮੇਸ਼ਾ ਹੀ ਆਪਣੀ ਅਸਫ਼ਲਤਾ ਬਾਰੇ ਸੋਚਦਾ ਰਹੇ ਅਤੇ ਆਪਣੇ ਕੰਮ ਨੂੰ ਜਾਰੀ ਨਾ ਰੱਖ ਸਕੇ, ਜੇ ਪਿਤਾ ਜਾਂ ਪਰਿਵਾਰ ਦਾ ਕੋਈ ਹੋਰ ਮੁਖੀ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਤੋਂ ਬਚਣ ਲਈ ਹਮੇਸ਼ਾ ਬਾਹਰ ਰਹੇ ਜਾਂ ਕੋਈ ਨੌਜਵਾਨ ਲੜਕਾ ਜਾਂ ਲੜਕੀ ਬਹੁਤ ਸਾਰੇ ਲੋਕਾਂ ਦੇ ਇਕੱਠ ਵਿਚ ਸੰਗ ਜਾਵੇ ਇੱਕ ਵਿਦਿਆਰਥੀ ਹਮੇਸ਼ਾ ਬਿਨਾਂ ਕਿਸੇ ਕਾਰਨ ਤੋਂ ਡਾਵਾਂ ਡੋਲ, ਬੇਚੈਨ ਜਾਂ ਚਿੰਤਾਵਾਨ ਰਹੇ ਅਤੇ ਆਪਣੀ ਪੜ੍ਹਾਈ ਲਈ ਕਲਾਸ ਵਿਚ ਨਾ ਜਾਵੇ, ਇਹ ਸਾਰੇ ਮਾਨਸਿਕ ਰੋਗਾਂ ਦੇ ਚਿੰਨ੍ਹ ਹਨ ਅਤੇ ਇਹ ਉਨ੍ਹਾਂ ਦੀਆਂ ਮਾਨਸਿਕ ਸਮੱਸਿਆਵਾਂ ਦਾ ਹੀ ਸਿੱਟਾ ਹਨ।
ਮਾਨਸਿਕ ਸਿਹਤ ਤੋਂ ਭਾਵ ਮਾਨਸਿਕ ਤੰਦਰੁਸਤੀ ਤੋਂ ਹੈ ਅਤੇ ਮਾਨਸਿਕ ਤੰਦਰੁਸਤੀ ਉਹ ਯੋਗਤਾ ਹੈ ਜਿਹੜੀ ਸਾਨੂੰ ਜ਼ਿੰਦਗੀ ਦੀਆਂ ਮੁਸ਼ਕਲਾਂ ਤੇ ਕਠਿਨ ਹਾਲਾਤਾਂ ਵਿਚ ਸਮਾਯੋਜਨ ਕਰਨ ਵਿਚ ਸਾਡੀ ਸਹਾਇਤਾ ਕਰਦੀ ਹੈ। ਇਸ ਲਈ ਮਾਨਸਿਕ ਸਿਹਤ ਤੋਂ ਭਾਵ ਮਨੁੱਖੀ ਸਮਾਯੋਜਨ ਤੋਂ ਹੈ, ਜਿਸ ਨਾਲ ਮਨ ਦੀ ਸ਼ਾਂਤੀ, ਪ੍ਰਭਾਵਿਕਤਾ ਤੇ ਖੁਸ਼ੀ ਵਧਦੀ ਹੈ ਅਤੇ ਜ਼ਿੰਦਗੀ ਵਿਚ ਸੰਤੁਸ਼ਟਤਾ ਆਉਂਦੀ ਹੈ। ਮਾਨਸਿਕ ਸਿਹਤ ਸਰੀਰ ਅਤੇ ਮਨ ਦੋਵਾਂ ਦੀ ਸਥਿਤੀ ’ਤੇ ਹੀ ਨਿਰਭਰ ਕਰਦੀ ਹੈ। ਭਾਵੇਂ ਮਾਨਸਿਕ ਸਿਹਤ ਵਿਚ ਸਰੀਰਕ ਤੰਦਰੁਸਤੀ ਵੀ ਆ ਜਾਂਦੀ ਹੈ ਪਰੰਤੂ ਕੇਵਲ ਸਰੀਰਕ ਸਿਹਤ ਵਿਚ ਇਹ ਜ਼ਰੂਰੀ ਨਹੀਂ ਕਿ ਇਸ ਵਿਚ ਮਾਨਸਿਕ ਸਿਹਤ ਵੀ ਜ਼ਰੂਰ ਹੋਵੇ। ਅੱਜ ਦੇ ਆਧੁਨਿਕ ਯੁਗ ਵਿਚ ਬੱਚੇ ਵਿਸ਼ੇਸ਼ ਤੌਰ ’ਤੇ ਕਿਸ਼ੋਰ ਅਵਸਥਾ ਦੇ ਬੱਚੇ ਭਾਵੇਂ ਸਰੀਰਕ ਤੌਰ ’ਤੇ ਰਿਸ਼ਟ-ਪੁਸ਼ਟ ਹਨ ਪਰ ਉਨ੍ਹਾਂ ਵਿਚ ਮਾਨਸਿਕ ਤੌਰ ’ਤੇ ਸਿਹਤ ਦੀ ਘਾਟ ਹੈ ਕਿਉਂਕਿ ਉਨ੍ਹਾਂ ਦੀਆਂ ਮਾਨਸਿਕ ਕਿਰਿਆਵਾਂ ਠੀਕ ਢੰਗ ਨਾਲ ਵਿਕਸਿਤ ਨਹੀਂ ਹੋਈਆਂ ਹੁੰਦੀਆਂ। ਉਨ੍ਹਾਂ ਵਿੱਚ ਮਾਨਸਿਕ ਯੋਗਤਾਵਾਂ ਜਿਵੇਂ ਕਿ ਸਿੱਖਣ ਕਿਰਿਆ, ਯਾਦਦਾਸ਼ਤ, ਧਾਰਨਾ ਸ਼ਕਤੀ, ਸੋਚਣ ਕਿਰਿਆ, ਤਰਕ, ਕਲਪਨਾ, ਪ੍ਰਤੱਖਣ ਕਿਰਿਆ, ਸਵੈ-ਕੇਂਦਰਤਾ, ਸਮੱਸਿਆ ਦਾ ਹੱਲ ਅਤੇ ਜਲਦੀ ਨਿਰਣਾ ਲੈਣ ਦੀ ਸ਼ਕਤੀ ਆਦਿ ਲਈ ਘਾਟ ਹੁੰਦੀ ਹੈ।
ਮਾਨਸਿਕ ਸਿਹਤ ਤੋਂ ਭਾਵ ਸਰੀਰ ਅਤੇ ਮਨ ਦੋਵਾਂ ਦਾ ਹੀ ਨਿਪੁੰਨਤਾ ਅਤੇ ਇਕਸਾਰਤਾ ਨਾਲ ਕੰਮ ਕਰਨ ਤੋਂ ਹੈ। ਮਾਨਸਿਕ ਸਿਹਤ ਇਕ ਮੂਲ ਕਾਰਕ ਹੈ, ਜਿਹੜਾ ਸਰੀਰਕ ਸਿਹਤ ਅਤੇ ਸਮਾਜਿਕ ਪ੍ਰਭਾਵਿਕਤ ਨੂੰ ਕਾਇਮ ਕਰਨ ਵਿਚ ਯੋਗਦਾਨ ਪਾਉਂਦਾ ਹੈ। ਜੇ ਇਕ ਵਿਅਕਤੀ ਸਰੀਰਕ ਤੌਰ ’ਤੇ ਚੰਗੀ ਸਿਹਤ ਦਾ ਮਾਲਕ ਹੈ ਅਤੇ ਉਸ ਦੀਆਂ ਇੱਛੁਕ ਸਮਾਜਿਕ ਤੇ ਨੈਤਿਕ ਕਦਰਾਂ-ਕੀਮਤਾਂ ਹਨ ਅਤੇ ਉਹ ਸਮਾਜਿਕ ਤੌਰ ’ਤੇ ਸਮਾਯੋਜਿਤ ਹੈ ਤਾਂ ਉਸ ਦੀ ਮਾਨਸਿਕ ਸਿਹਤ ਵੀ ਚੰਗੀ ਹੈ। ਚੰਗੀ ਮਾਨਸਿਕ ਸਿਹਤ ਵਾਲੇ ਵਿਅਕਤੀ ਉਹ ਹੁੰਦੇ ਹਨ ਜਿਹੜੇ ਖੁਸ਼, ਆਸ਼ਾਵਾਦੀ ਅਤੇ ਇਕਸਾਰਤਾ ਵਾਲੀ ਸ਼ਖ਼ਸੀਅਤ ਦੇ ਮਾਲਕ ਹੋਣ। ਸੰਸਾਰ ਸਿਹਤ ਸੰਗਠਨ ਦੇ ਅਨੁਸਾਰ, ‘ਮਾਨਸਿਕ ਸਿਹਤ ਇਕ ਸੰਪੂਰਨ ਸਰੀਰਕ, ਮਾਨਸਿਕ ਅਤੇ ਸਮਾਜਿਕ ਸਲਾਮਤੀ ਦੀ ਸਥਿਤੀ ਹੈ।’ ਇਸ ਲਈ ਮਾਨਸਿਕ ਸਿਹਤ ਤੋਂ ਭਾਵ ਮਾਨਸਿਕ ਰੋਗਾਂ ਤੇ ਵਿਕਾਰਾਂ ਤੋਂ ਰਹਿਤ ਨਹੀਂ ਪਰ ਮਨ ਦੀ ਸਾਰਥਿਕ ਸਥਿਤੀ ਹੈ। ਇਕ ਤੰਦਰੁਸਤ ਵਿਅਕਤੀ ਜਿਹੜਾ ਸਰੀਰਕ ਤੌਰ ’ਤੇ ਨਰੋਆ ਹੁੰਦਾ ਹੈ, ਉਹ ਮਾਨਸਿਕ ਤੌਰ ’ਤੇ ਤੀਖਣ ਵੀ ਹੁੰਦਾ ਹੈ, ਭਾਵਾਤਮਕ ਤੌਰ ’ਤੇ ਪਰਪੱਕ ਅਤੇ ਸਮਾਜਿਕ ਤੌਰ ’ਤੇ ਸਮਾਯੋਜਿਤ ਹੋਵੇਗਾ, ਉਹੀ ਵਿਅਕਤੀ ਚੰਗੀ ਮਾਨਸਿਕ ਸਿਹਤ ਦਾ ਮਾਲਕ ਹੈ।
ਇਕ ਮਾਨਸਿਕ ਸਿਹਤਮੰਦ ਵਿਅਕਤੀ ਚੰਗੀ ਸਿਹਤ ਦਾ ਮਾਲਕ ਹੁੰਦਾ ਹੈ। ਉਹ ਕਈ ਮਨੋਵਿਗਿਆਨਕ ਬੀਮਾਰੀਆਂ ਭਾਵ ਮਨ ਸੰਤਾਪ, ਅਵਸ਼ਾਦ ਰੋਗ, ਬੰਧਨਕਾਰੀ, ਮਨੋਗ੍ਰਸਤਤਾ, ਚਿੰਤਾ, ਵਿਸ਼ਾਦ, ਮਾਨਸਿਕ ਸੰਘਰਸ਼, ਮਾਨਸਿਕ ਵਿਕਾਰ ਤੇ ਕਈ ਹੋਰ ਪ੍ਰਕਾਰ ਦੀਆਂ ਮਾਨਸਿਕ ਬੀਮਾਰੀਆਂ ਤੋਂ ਮੁਕਤ ਹੁੰਦਾ ਹੈ। ਉਹ ਮਨੋਵਿਗਿਆਨਕ ਤੌਰ ’ਤੇ ਤੰਦਰੁਸਤ ਹੁੰਦਾ ਹੈ, ਭਾਵਾਤਮਕ ਤੌਰ ’ਤੇ ਸੰਤੁਲਤ ਅਤੇ ਸਥਿਰ ਹੁੰਦਾ ਹੈ। ਉਸ ਦੇ ਸੰਵੇਗ ਨਿਯੰਤਰਨ ਭਰਪੂਰ ਹੁੰਦੇ ਹਨ ਅਤੇ ਉਹ ਜਲਦੀ ਗੁੱਸੇ ਵਿਚ ਨਹੀਂ ਆਉਂਦਾ। ਉਹ ਜ਼ਿੰਦਗੀ ਵਿਚ ਭਾਵਾਤਮਕ ਤਣਾਅ ਤੇ ਦਬਾਅ ਤੋਂ ਵੀ ਮੁਕਤ ਹੁੰਦਾ ਹੈ।
ਅਜਿਹੇ ਵਿਅਕਤੀ ਦਾ ਬੌਧਿਕ ਤੌਰ ’ਤੇ ਵਿਕਾਸ ਹੋਇਆ ਹੁੰਦਾ ਹੈ। ਉਹ ਸੁਤੰਤਰ ਤੌਰ ’ਤੇ ਸੋਚ ਸਕਦਾ ਹੈ ਅਤੇ ਠੀਕ ਢੰਗ ਨਾਲ ਫ਼ੈਸਲੇ ਕਰਨ ਦੇ ਯੋਗ ਹੁੰਦਾ ਹੈ। ਉਸ ਵਿਚ ਹਾਲਾਤ ਅਨੁਸਾਰ ਬਦਲੀਆਂ ਹੋਈਆਂ ਸਥਿਤੀਆਂ ਵਿਚ ਸਮਾਯੋਜਨ ਕਰਨ ਦੀ ਯੋਗਤਾ ਹੁੰਦੀ ਹੈ। ਉਹ ਦੂਜੇ ਲੋਕਾਂ ਨਾਲ ਵੀ ਸੰਪਰਕ ਕਾਇਮ ਕਰਨ ਵਿਚ ਯੋਗਤਾ ਰੱਖਦਾ ਹੈ ਅਤੇ ਸਮਾਜਿਕ ਕਿਰਿਆਵਾਂ ਵਿਚ ਭਾਗ ਲੈਂਦਾ ਹੈ। ਉਹ ਭਾਵਾਤਮਕ ਪ੍ਰੇਸ਼ਾਨੀਆਂ ਦੇ ਤਣਾਅ ਤੇ ਦਬਾਅ ਥੱਲੇ ਵੀ ਠੀਕ ਢੰਗ ਨਾਲ ਕਾਰਜ ਕਰਦਾ ਹੈ। ਉਸ ਦੀ ਜ਼ਿੰਦਗੀ ਦੇ ਟੀਚੇ ਉੱਚੇ ਹੁੰਦੇ ਹਨ ਅਤੇ ਦੂਜੇ ਲੋਕਾਂ ਨਾਲ ਮਿਲਵਰਤਨ ਤੇ ਇਕਸਾਰਤਾ ਵਾਲੇ ਸਬੰਧ ਕਾਇਮ ਕਰਦਾ ਹੈ।
ਉਹ ਆਪਣੇ ਪਰਿਵਾਰ, ਘਰ, ਗੁਆਂਢ ਅਤੇ ਆਲੇ-ਦੁਆਲੇ ਨਾਲ ਸੰਤੁਸ਼ਟ ਹੁੰਦਾ ਹੈ। ਉਸ ਨੂੰ ਹੋਰਾਂ ਲੋਕਾਂ ਨਾਲ ਕੰਮ ਕਰਨ ਵਿਚ ਖੁਸ਼ੀ ਮਿਲਦੀ ਹੈ ਅਤੇ ਉਹ ਆਪਣੇ ਕਿੱਤੇ ਨੂੰ ਪਿਆਰ ਕਰਦਾ ਹੈ। ਉਸ ਨੂੰ ਜ਼ਿੰਦਗੀ ਵਿਚ ਉਤਸ਼ਾਹ ਮਿਲਦਾ ਹੈ ਅਤੇ ਆਪਣੀ ਨੁਕਤਾਚੀਨੀ ਵੀ ਬਰਦਾਸ਼ਤ ਕਰਦਾ ਹੈ। ਉਸ ਦੀਆਂ ਆਦਤਾਂ, ਵਤੀਰਾਂ ਅਤੇ ਰੁੱਚੀਆਂ ਸਮਾਜਿਕ ਕਦਰਾਂ-ਕੀਮਤਾਂ ਅਨੁਸਾਰ ਪ੍ਰਵਾਨਿਤ ਹੁੰਦੀਆਂ ਹਨ ਅਤੇ ਆਪਣੇ ਕਰਤੱਵਾਂ ਨੂੰ ਪਾਲਣ ਕਰਨ ਵਿਚ ਪਾਬੰਧ ਹੁੰਦਾ ਹੈ। ਉਸ ਵਿਚ ਜ਼ਿੰਦਗੀ ਦੀਆਂ ਹਾਰਾਂ ਤੇ ਅਸਫ਼ਲਤਾਵਾਂ ਦਾ ਮੁਕਾਬਲਾ ਕਰਨ ਵਿਚ ਬਰਦਾਸ਼ਤ ਸ਼ਕਤੀ ਹੁੰਦੀ ਹੈ। ਉਸ ਵਿਚ ਸਵੈ-ਭਰੋਸਾ, ਸਵੈ-ਨਿਰਭਰਤਾ ਤੇ ਚੜ੍ਹਦੀਕਲਾ ਦੀਆਂ ਭਾਵਨਾਵਾਂ ਹੁੰਦੀਆਂ ਹਨ।
ਉਹ ਆਪਣੇ ਆਪ ਨੂੰ ਸਮਝਦਾ ਹੈ, ਉਸ ਨੂੰ ਆਪਣੀਆਂ ਕਮਜ਼ੋਰੀਆਂ ਤੇ ਤਾਕਤਾਂ ਦਾ ਪਤਾ ਹੁੰਦਾ ਹੈ। ਉਹ ਆਪਣੀ ਕਾਬਲੀਅਤ ਅਨੁਸਾਰ ਹੀ ਆਪਣੇ ਕੰਮਾਂ ਤੇ ਕਾਰਜਾਂ ਨੂੰ ਚੁਣਦਾ ਹੈ। ਉਹ ਆਪਣੇ ਵਾਤਾਵਰਨ ਨੂੰ ਵੀ ਠੀਕ ਸਮਝਦਾ ਹੈ ਅਤੇ ਠੀਕ ਸਮਾਯੌਜਨ ਕਰਦਾ ਹੈ। ਉਸ ਦਾ ਵਿਵਹਾਰ ਲਚਕੀਲਾ ਹੁੰਦਾ ਹੈ ਅਤੇ ਸਮੇਂ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦਾ ਹੈ। ਇਕ ਮਾਨਸਿਕ ਅਰੋਗ ਵਿਅਕਤੀ ਦੀ ਜ਼ਿੰਦਗੀ ਦਾ ਫਲਸਫਾ ਠੀਕ ਹੁੰਦਾ ਹੈ, ਜਿਹੜਾ ਉਸ ਦੀਆਂ ਕਿਰਿਆਵਾਂ ਤੇ ਨਿਰਧਾਰਤ ਹੁੰਦਾ ਹੈ। ਉਹ ਆਪਣੀਆਂ ਅਸਫ਼ਲਤਾਵਾਂ ਤੇ ਪਛਤਾਂਦਾ ਨਹੀਂ ਅਤੇ ਨਾ ਹੀ ਕੋਈ ਚਿੰਤਾ ਕਰਦਾ ਹੈ।
ਇਕ ਵਿਅਕਤੀ ਦੀ ਮਾਨਸਿਕ ਸਿਹਤ ਉਹ ਸਥਿਤੀ ਹੈ, ਜਿਹੜੀ ਉਸ ਦੀ ਸਰੀਰਕ, ਬੌਧਿਕ, ਮਾਨਸਿਕ, ਭਾਵਾਤਮਕ ਅਤੇ ਸਮਾਜਿਕ ਵਿਸ਼ੇਸ਼ਤਾਵਾ ਦਾ ਵਿਕਾਸ ਕਰੇ, ਤਾਂ ਜੋ ਉਹ ਸਮਾਜ ਦੀ ਭਲਾਈ ਲਈ ਸਭ ਤੋਂ ਜ਼ਿਆਦਾ ਯੋਗਦਾਨ ਪਾ ਸਕੇ ਅਤੇ ਆਪਣੀ ਜ਼ਿੰਦਗੀ ਦੇ ਮੰਤਵ ਪੂਰੇ ਕਰ ਸਕੇ।
ਸਰੀਰਕ ਸਿਹਤ ਲਈ ਮਾਨਸਿਕ ਤੰਦਰੁਸਤੀ ਇਕ ਜ਼ਰੂਰੀ ਅੰਗ ਹੈ। ਦਰਅਸਲ ਮਾਨਸਿਕ ਸਿਹਤ ਹੀ ਇਕ ਵਿਅਕਤੀ ਦੀ ਚੰਗੀ ਸਰੀਰਕ ਸਿਹਤ ਦੇ ਵਿਕਾਸ ਕਰਨ ਵਿਚ ਸਹਾਇਤਾ ਕਰਦੀ ਹੈ। ਇਸ ਤੋਂ ਬਿਨਾਂ ਮਾਨਸਿਕ ਸਿਹਤ ਇਕ ਵਿਅਕਤੀ ਨੂੰ ਉਸ ਦੀਆਂ ਬੌਧਿਕ ਯੋਗਤਾਵਾਂ ਦੇ ਵਿਕਾਸ ਵਿਚ ਚੰਗੀ ਭੂਮਿਕਾ ਨਿਭਾਉਂਦੀ ਹੈ। ਇੰਜ ਹੀ ਮਾਨਸਿਕ ਸਿਹਤ ਤੇ ਭਾਵਾਤਮਕ ਵਿਕਾਸ ਵਿਚ ਗੂੜ੍ਹਾ ਸਬੰਧ ਹੈ ਕਿਉਂਕਿ ਮਾਨਸਿਕ ਤੰਦਰੁਸਤ ਵਿਅਕਤੀ ਹੀ ਭਾਵਾਤਮਕ ਤੌਰ ’ਤੇ ਪਰਪੱਕ ਹੁੰਦਾ ਹੈ। ਮਾਨਸਿਕ ਸਿਹਤ ਚੰਗੇ ਸਮਾਜਿਕ ਸਬੰਧਾਂ ਨੂੰ ਕਾਇਮ ਕਰਨ ਵਿਚ ਵਿਅਕਤੀ ਦੀ ਸਹਾਇਤਾ ਕਰਦੀ ਹੈ। ਇਹ ਠੀਕ ਸਮਾਜਿਕ ਵਿਕਾਸ ਤੇ ਸਮਾਜੀਕਰਨ ਵਿਚ ਵੀ ਮਦਦ ਕਰਦੀ ਹੈ।
ਮਨੁੱਖਾਂ ਵਿਚ ਨੈਤਿਕ ਕਦਰਾਂ-ਕੀਮਤਾਂ ਪਾਉਣ ਲਈ ਵੀ ਮਾਨਸਿਕ ਸਿਹਤ ਦੀ ਬਹੁਤ ਲੋੜ ਹੈ। ਇਕ ਚੰਗੀ ਮਾਨਸਿਕ ਸਿਹਤ ਵਾਲਾ ਵਿਅਕਤੀ ਹੀ ਆਪਣੇ ਸੰਵੇਗਾਂ ’ਤੇ ਕਾਬੂ ਪਾ ਸਕਦਾ ਹੈ ਅਤੇ ਆਪਣੀ ਤਾਕਤ ਨੂੰ ਸਮਾਜਿਕ ਤੇ ਨੈਤਿਕ ਕਦਰਾਂ-ਕੀਮਤਾਂ ਅਨੁਸਾਰ ਢਾਲ ਸਕਦਾ ਹੈ। ਮਾਨਸਿਕ ਸਿਹਤ ਹੀ ਵਿਅਕਤੀ ਦੀ ਆਪਣੇ ਨਾਲ ਅਤੇ ਆਪਣੇ ਵਾਤਾਵਰਨ ਨਾਲ ਢੁੱਕਵੀਂ ਸਮਾਯੋਜਨ ਕਰਨ ਵਿਚ ਵੀ ਮਦਦ ਕਰਦੀ ਹੈ ਕਿਉਂਕਿ ਮਾਨਸਿਕ ਸਿਹਤ ਹੀ ਜ਼ਿੰਦਗੀ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿਚ ਸਹਾਇਤਾ ਕਰਦੀ ਹੈ, ਜਿਹੜੀ ਵਿਅਕਤੀ ਨੂੰ ਸੰਤੁਸ਼ਟਤਾ ਤੇ ਖੁਸ਼ੀ ਪ੍ਰਦਾਨ ਕਰਦੀ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਮਾਨਸਿਕ ਸਿਹਤ, ਮਾਨਸਿਕ ਬੀਮਾਰੀਆਂ, ਵਿਵਹਾਰ ਵਿਚ ਅਸਾਧਾਰਨਤਾ ਅਤੇ ਮਾਨਸਿਕ ਵਿਕਾਰਾਂ ਤੋਂ ਬਚਾਉਂਦੀ ਹੈ।
ਸੰਪਰਕ: 94781-69464