ਸੀਤਾਪੁਰ (ਯੂਪੀ): ਪੰਜਵੀਂ ਵਾਰ ਵਿਆਹ ਕਰਾਉਣ ਜਾ ਰਹੇ ਸ਼ਫ਼ੀ ਅਹਿਮਦ (55) ਦੇ ਅਰਮਾਨਾਂ ’ਤੇ ਉਸ ਸਮੇਂ ਪਾਣੀ ਫਿਰ ਗਿਆ ਜਦੋਂ ਉਸ ਦੇ ਸੱਤ ਬੱਚਿਆਂ ਅਤੇ ਚਾਰ ਪਤਨੀਆਂ ਨੇ ਸਮਾਗਮ ’ਚ ਪਹੁੰਚ ਕੇ ਹੰਗਾਮਾ ਖੜ੍ਹਾ ਕਰ ਦਿੱਤਾ। ਬੱਚਿਆਂ ਨੇ ਜਦੋਂ ਲਾੜੀ ਦੇ ਪਰਿਵਾਰ ਨੂੰ ਆਪਣੀ ਪਛਾਣ ਦੱਸੀ ਤਾਂ ਉਥੇ ਤਕਰਾਰ ਹੋ ਗਈ ਜਿਸ ਮਗਰੋਂ ਲੋਕ ਇਕ-ਦੂਜੇ ਨਾਲ ਘਸੁੰਨ-ਮੁੱਕੀ ਹੋ ਗਏ। ਮੌਕੇ ’ਤੇ ਵੱਡੀ ਗਿਣਤੀ ’ਚ ਲੋਕ ਇਕੱਠੇ ਹੋ ਗਏ ਸਨ ਅਤੇ ਜਦੋਂ ਉਨ੍ਹਾਂ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਸ਼ਫ਼ੀ ਅਹਿਮਦ ਨੂੰ ਬੁਰੀ ਤਰ੍ਹਾਂ ਕੁੱਟਿਆ ਜਦਕਿ ਹੋਣ ਵਾਲੀ ਲਾੜੀ ਮੌਕੇ ਤੋਂ ਭੱਜ ਗਈ। ਕੋਤਵਾਲੀ ਪੁਲੀਸ ਸਟੇਸ਼ਨ ਦੇ ਇੰਸਪੈਕਟਰ ਤੇਜ ਪ੍ਰਕਾਸ਼ ਸਿੰਘ ਨੇ ਕਿਹਾ ਕਿ ਬੱਚਿਆਂ ਨੇ ਆਪਣੇ ਪਿਤਾ ਵੱਲੋਂ ਪੰਜਵਾਂ ਵਿਆਹ ਕਰਵਾਏ ਜਾਣ ਦੀ ਪੁਲੀਸ ਨੂੰ ਸੂਚਨਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪੁਲੀਸ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਬੱਚਿਆਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਘਰ ਦਾ ਖ਼ਰਚਾ ਚਲਾਉਣ ਲਈ ਪੈਸੇ ਦੇਣੇ ਬੰਦ ਕਰ ਦਿੱਤੇ ਸਨ ਅਤੇ ਜਦੋਂ ਉਨ੍ਹਾਂ ਨੂੰ ਪਿਤਾ ਦੇ ਪੰਜਵਾਂ ਵਿਆਹ ਕਰਾਉਣ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਇਸ ਨੂੰ ਰੁਕਵਾਉਣ ਦਾ ਫ਼ੈਸਲਾ ਲਿਆ। -ਆਈਏਐਨਐਸ